ਜਾਪਾਨ ‘ਚ 7.1 ਤੀਬਰਤਾ ਦਾ ਭਿਆਨਕ ਭੂਚਾਲ: ਏਓਨ ਮਾਲ ਢਹਿਣ ਨਾਲ ਕਈ ਮੌਤਾਂ, 50 ਤੋਂ ਵੱਧ ਜ਼ਖ਼ਮੀ

0
78

ਟੋਕੀਓ / ਕੁਮਾਮੋਟੋ (ਵੀਓਪੀ ਬਿਊਰੋ) ਦੱਖਣ-ਪੱਛਮੀ ਜਾਪਾਨ ਦੇ ਕਿਊਸ਼ੂ ਟਾਪੂ ਵਿੱਚ ਮੰਗਲਵਾਰ ਦੇਰ ਦੁਪਹਿਰ ਆਏ 7.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ ਭੂਚਾਲ ਦਾ ਕੇਂਦਰ ਸਮੁੰਦਰ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੁਮਾਮੋਟੋ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਸਭ ਤੋਂ ਦਰਦਨਾਕ ਹਾਦਸਾ ਕਾਸ਼ੀਮਾ ਕਸਬੇ ਦੇ ਪ੍ਰਸਿੱਧ ‘ਏਓਨ ਸ਼ਾਪਿੰਗ ਮਾਲ’ (Aeon Mall) ਵਿਖੇ ਵਾਪਰਿਆ। ਫਾਇਰ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਅਨੁਸਾਰ, ਭੂਚਾਲ ਦੌਰਾਨ ਮਾਲ ਦੀ ਦੂਜੀ ਮੰਜ਼ਿਲ ਢਹਿ ਗਈ, ਜਿਸ ਨਾਲ ਬਹੁਤ ਸਾਰੇ ਲੋਕ ਮਲਬੇ ਹੇਠ ਫਸ ਗਏ। ਪੁਲਿਸ ਨੂੰ ਹਾਦਸੇ ਸਮੇਂ ਧਮਾਕੇ ਵਰਗੀ ਆਵਾਜ਼ ਆਉਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਜਾਪਾਨੀ ਪ੍ਰਸਾਰਕ TBS ਨੇ ਰਿਪੋਰਟ ਦਿੱਤੀ ਹੈ ਕਿ ਇਸ ਘਟਨਾ ਵਿੱਚ “ਕਾਫ਼ੀ ਗਿਣਤੀ” ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਭਿਆਨਕ ਭੂਚਾਲ ਅਤੇ ਹਾਦਸੇ ਵਿੱਚ ਘੱਟੋ-ਘੱਟ 50 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਇਲਾਕੇ ਵਿੱਚ 12 ਤੋਂ ਵੱਧ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਘਰਾਂ ਦੇ ਮਲਬੇ ਹੇਠਾਂ ਲੋਕਾਂ ਦੇ ਫਸੇ ਹੋਣ ਦੀ ਪੁਸ਼ਟੀ ਹੋਈ ਹੈ। ਰਾਹਤ ਅਤੇ ਬਚਾਅ ਟੀਮਾਂ ਜੰਗੀ ਪੱਧਰ ‘ਤੇ ਮਲਬਾ ਹਟਾਉਣ ਦੇ ਕੰਮ ‘ਚ ਜੁਟੀਆਂ ਹੋਈਆਂ ਹਨ।

ਭੂਚਾਲ ਤੋਂ ਤੁਰੰਤ ਬਾਅਦ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਬਾਅਦ ਵਿੱਚ ਯੂ.ਐਸ. ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਸੇ ਵੱਡੇ ਖਤਰੇ ਤੋਂ ਇਨਕਾਰ ਕਰਦਿਆਂ ਇਹ ਚੇਤਾਵਨੀ ਹਟਾ ਲਈ। ਹਾਦਸੇ ਤੋਂ ਬਾਅਦ ਜੇ.ਆਰ. ਕਿਊਸ਼ੂ (JR Kyushu) ਨੇ ਆਪਣੀਆਂ ਪ੍ਰਸਿੱਧ ਹਾਈ-ਸਪੀਡ ‘ਸ਼ਿੰਕਨਸੇਨ’ (Shinkansen) ਬੁਲੇਟ ਟ੍ਰੇਨਾਂ ਸਮੇਤ ਸਾਰੀਆਂ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਹੈ।

ਰਾਹਤ ਦੀ ਗੱਲ ਇਹ ਹੈ ਕਿ ਕਿਊਸ਼ੂ ਇਲੈਕਟ੍ਰਿਕ ਪਾਵਰ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਸੇਂਦਾਈ ਅਤੇ ਗੇਨਕਾਈ ਪ੍ਰਮਾਣੂ ਪਾਵਰ ਸਟੇਸ਼ਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜ਼ਿਕਰਯੋਗ ਹੈ ਕਿ ਕੁਮਾਮੋਟੋ ਖੇਤਰ ਵਿੱਚ ਸਾਲ 2016 ਵਿੱਚ ਵੀ 50 ਤੋਂ ਵੱਧ ਜਾਨਾਂ ਲੈਣ ਵਾਲਾ ਭਿਆਨਕ ਭੂਚਾਲ ਆਇਆ ਸੀ। ਜਾਪਾਨ, ਜੋ ਕਿ ਪੈਸੀਫਿਕ “ਰਿੰਗ ਆਫ਼ ਫਾਇਰ” (Ring of Fire) ‘ਤੇ ਸਥਿਤ ਹੈ, ਵਿਸ਼ਵ ਦੇ 6.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਲਗਭਗ 20 ਫੀਸਦੀ ਭੂਚਾਲਾਂ ਦਾ ਸਾਹਮਣਾ ਕਰਦਾ ਹੈ।

LEAVE A REPLY

Please enter your comment!
Please enter your name here