ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਲੋ ਅਪਣੇ ਵਿਰੋਧੀਆਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਹੁਣ ਕੂੜ ਪ੍ਰਚਾਰ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ ।

ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਫੇਸਬੁਕ ਅਕਾਊਂਟ ਤੇ ਉਹ ਵੀਡੀਓ ਪਾ ਕੇ ਵਿਰੋਧੀਆਂ ਨੂੰ ਕੋਸਦੇ ਹੋਏ ਕਿਹਾ ਕਿ “ਮੈਂ ਨਫ਼ਰਤ ਫੈਲਾਉਣ ਵਾਲੇ ਆਈਟੀ ਸੈੱਲਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਜਿੰਨਾ ਮਰਜ਼ੀ ਗਾਲਾਂ ਕੱਢੋ ਜਾਂ ਕਿਸੇ ਵੀ ਘਟੀਆ ਤਰੀਕੇ ਨਾਲ ਬੇਇੱਜ਼ਤ ਕਰੋ ਪਰ ਕਿਰਪਾ ਕਰਕੇ ਸਿੱਖ ਕੌਮ ਦੀ ਸ਼ਾਨ ਅਤੇ ਸਾਡੇ ਧਰਮ ਦੇ ਮਾਣ-ਸਨਮਾਨ ਦਾ ਪ੍ਰਤੀਕ ਦਸਤਾਰ ਦਾ ਅਪਮਾਨ ਨਾ ਕਰੋ” ।

ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਵਿਰੋਧੀਆਂ ਦੇ ਖਿਲਾਫ ਝੂਠਾ ਸੱਚਾ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਪਰ ਹੁਣ ਇਹਨਾਂ ਇੱਕ ਨਵਾਂ ਹੀ ਕੰਮ ਫੜ੍ਹ ਲਿਆ ਹੈ ਆਪਣੇ ਆਈ ਟੀ ਵਿੰਗਾਂ ਕੋਲੋਂ ਘਟੀਆ ਰੀਲਾਂ ਬਣਵਾਕੇ ਤੇ ਰਲਦੇ ਮਿਲਦੇ ਕਿਰਦਾਰ ਬਣਾਕੇ ਬੇਸ਼ਰਮੀ ਦੀ ਹੱਦ ਤੱਕ ਇੱਕ ਦੂਜੇ ਨੂੰ ਭੰਡ ਰਹੇ ਹਨ ।
ਇਸੇ ਭੰਡਣ ਭੰਡਾਉਣ ਦੀ ਦੌੜ ਵਿੱਚ ਕਾਂਗਰਸ ਦੀ ਕਿਸੇ ਵਿਰੋਧੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਚਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਸ ਵਰਲਡ ਵਾਲੇ ਕੱਪੜੇ ਪਵਾਕੇ ਰੈਂਪ ਤੇ ਚਲਾ ਰਹੇ ਹਨ ਅਤੇ ਰਾਹੁਲ ਗਾਂਧੀ ਤੇ ਕੇ ਸੀ ਵੇਣੂਗੋਪਾਲ ਜੱਜ ਬਣੇ ਬੈਠੇ ਇਹਨਾਂ ਦੀ ਰੈਂਕਿੰਗ ਕਰ ਰਹੇ ਹਨ । ਵੀਡਿਓ ਨੂੰ ਇਕ ਮਜਾਕ ਦਾ ਪਾਤਰ ਬਣਾਕੇ ਦਰਸਾਇਆ ਗਿਆ ਹੈ ।





