ਜਲੰਧਰ, (ਵੀਓਪੀ ਬਿਊਰੋ) ਪੰਜਾਬ ਵਿੱਚ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਵਿੰਗ ਨੇ ਜਲੰਧਰ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਪਨੀਰ ਸਪਲਾਇਰ ਦੀ ਦੁਕਾਨ ਅਤੇ ਉਸ ਨਾਲ ਸਬੰਧਤ ਥਾਂਵਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਕਰੀਬ 1000 ਕਿਲੋ ਸ਼ੱਕੀ ਮਿਲਾਵਟੀ ਪਨੀਰ ਅਤੇ 68 ਕਿਲੋ ਮਿਲਕ ਕ੍ਰੀਮ ਨੂੰ ਮੌਕੇ ‘ਤੇ ਸੀਲ ਕਰਕੇ ਜ਼ਬਤ ਕੀਤਾ ਗਿਆ, ਜਦਕਿ ਪਨੀਰ, ਕ੍ਰੀਮ, ਘਿਓ, ਦਹੀਂ ਅਤੇ ਦੁੱਧ ਦੇ ਕੁੱਲ 9 ਸੈਂਪਲ ਲੈ ਕੇ ਜਾਂਚ ਲਈ ਸਟੇਟ ਫੂਡ ਲੈਬੋਰਟਰੀ ਭੇਜੇ ਗਏ ਹਨ।

ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਹੁਕਮਾਂ ਅਨੁਸਾਰ ਕੀਤੀ ਗਈ। ਫੂਡ ਸੇਫਟੀ ਅਫ਼ਸਰ ਮੁਕੂਲ ਗਿੱਲ, ਰੋਬਿਨ ਕੁਮਾਰ ਅਤੇ ਰਵੀ ਨੰਦਨ ਗੋਇਲ ਦੀ ਟੀਮ ਨੇ ਸਵੇਰੇ ਤੜਕੇ ਪਨੀਰ ਸਪਲਾਇਰ ਦੀ ਦੁਕਾਨ ‘ਤੇ ਛਾਪਾ ਮਾਰਿਆ।
ਜਾਂਚ ਦੌਰਾਨ ਟੀਮ ਨੇ ਮਾਡਲ ਹਾਊਸ ਇਲਾਕੇ ਵਿੱਚ ਸਥਿਤ ਡੇਅਰੀ ਦਾ ਰਿਕਾਰਡ ਵੀ ਚੈੱਕ ਕੀਤਾ ਅਤੇ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਖਰੀਦ-ਵੇਚ ਸਬੰਧੀ ਦਸਤਾਵੇਜ਼ ਮੰਗੇ। ਡੇਅਰੀ ਮਾਲਕ ਨੇ ਦੱਸਿਆ ਕਿ ਉਤਪਾਦ ਕਾਲਾ ਸੰਘਿਆ ਰੋਡ ‘ਤੇ ਤਿਆਰ ਕੀਤੇ ਜਾਂਦੇ ਹਨ। ਟੀਮ ਵੱਲੋਂ ਉੱਥੇ ਪਹੁੰਚ ਕੇ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਥਾਂ ‘ਤੇ ਸਿਰਫ਼ ਘਿਓ ਅਤੇ ਦਹੀਂ ਹੀ ਤਿਆਰ ਕੀਤਾ ਜਾਂਦਾ ਹੈ, ਜਦਕਿ ਪਨੀਰ ਦੀ ਤਿਆਰੀ ਨਹੀਂ ਹੁੰਦੀ।

ਡੇਅਰੀ ਮਾਲਕ ਵੱਲੋਂ ਪਨੀਰ ਦੇ ਸਰੋਤ ਬਾਰੇ ਤਸੱਲੀਬਖਸ਼ ਜਾਣਕਾਰੀ ਨਾ ਦੇ ਸਕਣ ਕਾਰਨ ਫੂਡ ਸੇਫਟੀ ਟੀਮ ਨੇ ਪਨੀਰ ਦੇ ਦੋ ਸੈਂਪਲ, ਕ੍ਰੀਮ, ਘਿਓ ਅਤੇ ਦਹੀਂ ਦਾ ਇੱਕ-ਇੱਕ ਸੈਂਪਲ ਭਰਿਆ ਅਤੇ ਮਿਲਾਵਟ ਦੇ ਸ਼ੱਕ ਦੇ ਆਧਾਰ ‘ਤੇ ਪਨੀਰ ਅਤੇ ਕ੍ਰੀਮ ਦਾ ਸਾਰਾ ਸਟਾਕ ਸੀਲ ਕਰ ਦਿੱਤਾ।
ਇਸ ਤੋਂ ਇਲਾਵਾ ਟੀਮ ਨੇ ਸ਼ਹਿਰ ਦੀਆਂ ਤਿੰਨ ਹੋਰ ਡੇਅਰੀਆਂ ਤੋਂ ਦੁੱਧ ਦੇ ਤਿੰਨ ਅਤੇ ਘਿਓ ਦਾ ਇੱਕ ਸੈਂਪਲ ਵੀ ਇਕੱਤਰ ਕੀਤਾ। ਕੁੱਲ 9 ਸੈਂਪਲ ਜਾਂਚ ਲਈ ਸਟੇਟ ਫੂਡ ਲੈਬੋਰਟਰੀ ਭੇਜੇ ਗਏ ਹਨ।






