ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਰਮਨੀ ਵਿੱਚ ਰਹਿੰਦੇ ਪ੍ਰਮੁੱਖ ਭਾਰਤੀ-ਸਿੱਖ ਆਗੂ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ‘ਜਰਮਨ ਭਾਰਤੀ ਵਪਾਰਕ ਸੰਮੇਲਨ’ ਵੱਲੋਂ “ਜਰਮਨ ਭਾਰਤੀ ਸ਼ਖਸੀਅਤ 2025” ਦੇ ਵੱਕਾਰੀ ਖਿਤਾਬ ਨਾਲ ਸਨਮਾਨਿਤ ਕੀਤੇ ਜਾਣ ‘ਤੇ ਦਿਲੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਮੀਡੀਆ ਦੇ ਨਾਂ ਜਾਰੀ ਬਿਆਨ ਵਿੱਚ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਸਰਦਾਰ ਰੰਧਾਵਾ ਦੀ ਨਿੱਜੀ ਪ੍ਰਾਪਤੀ ਨਹੀਂ ਹੈ, ਸਗੋਂ ਪੂਰੀ ਸਿੱਖ ਕੌਮ, ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਜਰਮਨੀ ਦੀ ਪ੍ਰਮੁੱਖ ਸਿਆਸੀ ਪਾਰਟੀ ‘ਈਸਾਈ ਲੋਕਤੰਤਰੀ ਯੂਨੀਅਨ’ (ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ – ਥੂਰਿੰਗੀਆ) ਵਿੱਚ ਇੱਕ ਸਰਗਰਮ ਆਗੂ ਵਜੋਂ ਸੇਵਾ ਨਿਭਾਉਂਦੇ ਹੋਏ ਅਤੇ ਸੂਬਾਈ ਬੋਰਡ ਵਿੱਚ ਭਾਰਤੀ ਮੂਲ ਦੇ ਪਹਿਲੇ ਨੁਮਾਇੰਦੇ ਬਣ ਕੇ ਸਰਦਾਰ ਰੰਧਾਵਾ ਨੇ ਵਿਦੇਸ਼ੀ ਧਰਤੀ ‘ਤੇ ਆਪਣੀ ਲਿਆਕਤ, ਮਿਹਨਤ ਅਤੇ ਸਮਾਜਿਕ ਸਮਰਪਣ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੇ ਆਰਥਿਕ ਵਿਕਾਸ, ਭਾਈਚਾਰਕ ਸਾਂਝ ਅਤੇ ਸਥਾਨਕ ਰਾਜਨੀਤੀ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।
ਸਰਦਾਰ ਪੀਰ ਮੁਹੰਮਦ ਨੇ ਆਖਿਆ ਕਿ ਸਿੱਖ ਕੌਮ ਨੇ ਹਮੇਸ਼ਾ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਹੋਰ ਬਲ ਅਤੇ ਚੜ੍ਹਦੀ ਕਲਾ ਬਖਸ਼ਣ, ਤਾਂ ਜੋ ਉਹ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀਅਤ ਅਤੇ ਸਿੱਖੀ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਦੇ ਰਹਿਣ.







