ਵੀਓਪੀ ਬਿਊਰੋ – ਯਮਨ ਅਤੇ ਸੋਮਾਲੀਆ ਦੇ ਨੇੜੇ ਸਮੁੰਦਰੀ ਇਲਾਕਿਆਂ ਵਿੱਚ ਸਮੁੰਦਰੀ ਲੁਟੇਰਿਆਂ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਹਥਿਆਰਬੰਦ ਪਾਇਰੇਟਸ ਨੇ ਦੋ ਵਪਾਰਕ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਿਨ੍ਹਾਂ ਵਿੱਚ ਕੁੱਲ 22 ਭਾਰਤੀ ਕ੍ਰੂ ਮੈਂਬਰ ਸਵਾਰ ਸਨ।
ਜਾਣਕਾਰੀ ਮੁਤਾਬਕ, ਪਹਿਲਾ ਮਾਮਲਾ MT Sibu 1 ਜਹਾਜ਼ ਦਾ ਹੈ, ਜਿਸ ਨੂੰ ਯਮਨ ਦੇ ਨੇੜੇ ਅਦਨ ਦੀ ਖਾੜੀ ਵਿੱਚ ਹਾਈਜੈਕ ਕੀਤਾ ਗਿਆ। ਇਸ ਜਹਾਜ਼ ’ਤੇ ਕੁੱਲ 20 ਕ੍ਰੂ ਮੈਂਬਰ ਸਨ, ਜਿਨ੍ਹਾਂ ਵਿੱਚ 16 ਭਾਰਤੀ ਸ਼ਾਮਲ ਹਨ। ਦੂਜਾ ਜਹਾਜ਼ M/V LUTUF ਸੋਮਾਲੀਆ ਦੇ ਪੁੰਟਲੈਂਡ ਤਟ ਨੇੜੇ ਲੁਟੇਰਿਆਂ ਵੱਲੋਂ ਕਬਜ਼ੇ ਵਿੱਚ ਲਿਆ ਗਿਆ, ਜਿਸ ਵਿੱਚ 6 ਭਾਰਤੀ ਮਲਾਹ ਮੌਜੂਦ ਸਨ।
ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਸਾਰੇ ਭਾਰਤੀ ਮਲਾਹ ਸੁਰੱਖਿਅਤ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ, ਮਾਮਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਤ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ, MT Sibu 1 ’ਤੇ ਹਥਿਆਰਬੰਦ ਲੁਟੇਰਿਆਂ ਨੇ ਕਬਜ਼ਾ ਕੀਤਾ, ਜਦਕਿ M/V LUTUF ’ਤੇ ਹਮਲਾ ਕਰਨ ਵਾਲੇ ਲੁਟੇਰੇ ਛੋਟੀਆਂ ਕਿਸ਼ਤੀਆਂ ਰਾਹੀਂ ਪਹੁੰਚੇ ਸਨ। ਇਸ ਘਟਨਾ ਨੇ ਲਾਲ ਸਾਗਰ, ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਵਧ ਰਹੇ ਸਮੁੰਦਰੀ ਸੁਰੱਖਿਆ ਖਤਰੇ ਨੂੰ ਮੁੜ ਉਜਾਗਰ ਕੀਤਾ ਹੈ।
ਭਾਰਤੀ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹੁਣ ਸੁਰੱਖਿਆ ਏਜੰਸੀਆਂ ਵੱਲੋਂ ਇਨ੍ਹਾਂ ਜਹਾਜ਼ਾਂ ਅਤੇ ਕ੍ਰੂ ਮੈਂਬਰਾਂ ਦੀ ਸਥਿਤੀ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।






