ਜੰਡਿਆਲਾ ਗੁਰੂ ( ਵਰਿੰਦਰ ਸਿੰਘ ਮਲਹੋਤਰਾ) – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਗਾਉਣ ਅਤੇ ਪਿੰਡਾਂ ਵਿੱਚ ਖੇਡ ਸਹੂਲਤਾਂ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦਸਮੇਸ਼ ਨਗਰ ਵਿਖੇ ਆਧੁਨਿਕ ਖੇਡ ਮੈਦਾਨ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਖੇਡ ਮੈਦਾਨ ਪੰਜਾਬ ਸਰਕਾਰ ਵੱਲੋਂ 38.95 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਪਿੰਡ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਆਧੁਨਿਕ ਤੇ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਖੇਡ ਮੈਦਾਨ ਵਿੱਚ ਚੇਨ ਲਿੰਕ, ਸਮਰਸੀਬਲ ਬੋਰ, ਵਾਲੀਬਾਲ ਕੋਰਟ, ਗੇਟ, ਆਰ.ਸੀ.ਸੀ. ਬੈਂਚ, ਪੇਵਰ ਵਰਕ, ਬੋਲਾਰਡ ਲਾਈਟਾਂ, ਹਾਈ ਮਾਸਟ ਲਾਈਟਾਂ, ਸਪੋਰਟਸ ਕਿੱਟਾਂ ਅਤੇ ਹਾਈ ਕੁਆਲਿਟੀ ਬਲਾਕ ਆਦਿ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡ ਪੱਧਰ ’ਤੇ ਨੌਜਵਾਨਾਂ ਨੂੰ ਬਿਹਤਰ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਖੇਡਾਂ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਇਕ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਪਿੰਡ ਦਸਮੇਸ਼ ਨਗਰ ਵਿੱਚ ਬਣਨ ਵਾਲਾ ਇਹ ਖੇਡ ਮੈਦਾਨ ਇਲਾਕੇ ਦੇ ਨੌਜਵਾਨਾਂ ਲਈ ਇੱਕ ਵਧੀਆ ਪਲੇਟਫਾਰਮ ਸਾਬਤ ਹੋਵੇਗਾ। ਇਸ ਨਾਲ ਪਿੰਡ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਬਿਹਤਰ ਮਾਹੌਲ ਮਿਲੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ 3100 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਪਹਿਲੇ ਪੜਾਅ ਵਿੱਚ 255 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਦੇ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਲਗਭਗ 1,500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚ ਸਿਵਲ ਇਨਫਰਾਸਟਰਕਚਰ, ਗਰਾਊਂਡਾਂ ਦੇ ਵਿਕਾਸ ਅਤੇ ਖੇਡ ਉਪਕਰਣ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੇਂਡੂ ਖੇਡ ਮੈਦਾਨਾਂ ਵਿੱਚ ਫੁੱਟਬਾਲ ਅਤੇ ਵਾਲੀਬਾਲ ਪੋਲ/ਗੋਲਪੋਸਟ, ਖੇਡ ਸਮੱਗਰੀ ਅਤੇ ਬੱਚਿਆਂ ਲਈ ਝੂਲੇ, ਲੋਹੇ ਦੀਆਂ ਸਲਾਈਡਾਂ ਅਤੇ ਸੀ-ਸਾ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 3,000 ਪੇਂਡੂ ਖੇਡ ਮੈਦਾਨਾਂ ਲਈ ਫੁੱਟਬਾਲ ਸ਼ੂਟਿੰਗ ਮੈਟ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਤਹਿਤ ਹਰੇਕ ਖੇਡ ਮੈਦਾਨ ਲਈ 36 ਜੋੜੇ ਫੁੱਟਬਾਲ ਸ਼ੂਟਿੰਗ ਮੈਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਕ੍ਰਿਕਟ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਖੇਡ ਮੈਦਾਨ ਬਣਾਉਣਾ ਨਹੀਂ, ਸਗੋਂ ਹਰ ਪਿੰਡ ਦੇ ਨੌਜਵਾਨ ਨੂੰ ਮਿਆਰੀ ਖੇਡ ਸਹੂਲਤਾਂ, ਖੇਡ ਸਮੱਗਰੀ ਅਤੇ ਆਪਣੀ ਪ੍ਰਤਿਭਾ ਨਿਖਾਰਨ ਲਈ ਲੋੜੀਂਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਸਹੂਲਤਾਂ ਦੇ ਵਿਸਥਾਰ ਅਤੇ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ।






