ਸੰਗਰੂਰ (ਵੀਓਪੀ ਬਿਊਰੋ):-ਸੰਗਰੂਰ ਦੇ ਭਵਾਨੀਗੜ੍ਹ ਤੋਂ ਇੱਕ ਬੇਹੱਦ ਗੰਭੀਰ ਅਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲੀਸ ਨੇ ਇੱਕ ਮਹਿਲਾ ’ਤੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਪੁਲੀਸ ਜਾਂਚ ਮੁਤਾਬਕ ਮਾਮਲਾ ਕਥਿਤ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਹੈ।

ਪੁਲੀਸ ਅਨੁਸਾਰ ਇਹ ਘਟਨਾ ਰੱਖੜੀ ਵਾਲੇ ਦਿਨ ਵਾਪਰੀ। ਦੋਸ਼ ਹੈ ਕਿ ਮਹਿਲਾ ਨੇ ਆਪਣੇ ਢਾਈ ਸਾਲ, ਪੰਜ ਸਾਲ ਅਤੇ ਛੇ ਸਾਲ ਦੇ ਤਿੰਨੋਂ ਬੱਚਿਆਂ ਨੂੰ ਮਿਠਾਈ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਖੁਆ ਦਿੱਤਾ। ਇਸ ਤੋਂ ਬਾਅਦ ਤਿੰਨੋਂ ਬੱਚਿਆਂ ਦੀ ਮੌਤ ਹੋ ਗਈ।
ਐੱਸਐੱਸਪੀ ਰਵਜੋਤ ਗਰੇਵਾਲ ਮੁਤਾਬਕ, ਭਵਾਨੀਗੜ੍ਹ ਵਾਸੀ ਲਵਪ੍ਰੀਤ ਕੌਰ ਦਾ ਫਾਜ਼ਿਲਕਾ ਵਾਸੀ ਹਰਜੀਤ ਸਿੰਘ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਹੋਇਆ ਸੀ। ਪੁਲੀਸ ਜਾਂਚ ਵਿੱਚ ਦੋਵਾਂ ਵਿਚਕਾਰ ਕਥਿਤ ਪ੍ਰੇਮ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।
ਤਿੰਨੋਂ ਬੱਚਿਆਂ ਦੇ ਪਿਤਾ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਨੇ ਆਸ-ਪਾਸ ਦੇ ਲੋਕਾਂ ਅਤੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਮਾਮਲੇ ਦੀਆਂ ਕੜੀਆਂ ਜੋੜੀਆਂ ਗਈਆਂ।

ਮ੍ਰਿਤਕ ਬੱਚਿਆਂ ਦੀ ਪਛਾਣ ਛੇ ਸਾਲਾ ਜਸਨੂਰ ਕੌਰ, ਪੰਜ ਸਾਲਾ ਅਰਮਾਨਦੀਪ ਅਤੇ ਢਾਈ ਸਾਲਾ ਰਿਹਾਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਮੁਤਾਬਕ ਤਿੰਨਾਂ ਦੀ ਮੌਤ ਜ਼ਹਿਰ ਦੇਣ ਕਾਰਨ ਹੋਈ।
ਪੁਲੀਸ ਨੇ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹਰਜੀਤ ਸਿੰਘ ਦੀ ਭਾਲ ਜਾਰੀ ਹੈ। ਸ਼ੁਰੂਆਤ ਵਿੱਚ ਮਾਮਲਾ ਫੂਡ ਪੋਇਜ਼ਨਿੰਗ ਨਾਲ ਜੁੜਿਆ ਮੰਨਿਆ ਗਿਆ ਸੀ ਅਤੇ BNS ਦੀ ਧਾਰਾ 194 ਤਹਿਤ ਕਾਰਵਾਈ ਹੋਈ। ਜਾਂਚ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕਰਦਿਆਂ ਲਵਪ੍ਰੀਤ ਕੌਰ ਅਤੇ ਹਰਜੀਤ ਸਿੰਘ ਖ਼ਿਲਾਫ਼ BNS ਦੀਆਂ ਧਾਰਾਵਾਂ 103 ਅਤੇ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ।






