ਅੰਮ੍ਰਿਤਸਰ (ਵੀਓਪੀ ਬੀਊਰੋ ): ਦਿੱਲੀ ਦੇ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਸਿਆਸੀ ਹਮਲਾ ਬੋਲਿਆ ਹੈ।
ਭਾਜਪਾ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅਟਾਰੀ ਹਲਕੇ ਅੰਦਰ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਵੱਡਾ ਨੋਟੰਕੀਬਾਜ਼ ਅਤੇ ਡਰਾਮੇਬਾਜ਼ ਸ਼ਾਇਦ ਹੀ ਇਸ ਧਰਤੀ ’ਤੇ ਕਦੇ ਪੈਦਾ ਹੋਇਆ ਹੋਵੇ।

ਜਿਸ ਆਦਮੀ ਨੇ ਦਿੱਲੀ ਅੰਦਰ ਸਕੂਲਾਂ, ਕਿਤਾਬਾਂ ਜਾਂ ਨੌਕਰੀਆਂ ਦੀ ਬਜਾਏ ‘ਇੱਕ ਨਾਲ ਇੱਕ ਬੋਤਲ ਸ਼ਰਾਬ ਮੁਫ਼ਤ’ ਦੇ ਕੇ ਨੌਜਵਾਨੀ ਨੂੰ ਨਸ਼ੇੜੀ ਬਣਾਇਆ, ਅੱਜ ਉਸੇ ਧੋਖੇਬਾਜ਼ ਜੋੜੀ ਨੇ ਪੰਜਾਬ ਦੇ ਘਰ-ਘਰ ਤੱਕ ਚਿੱਟਾ ਅਤੇ ਨਸ਼ਾ ਦੀ ਪਹੁੰਚ ਨਾ ਰੋਕ ਕੇ ਪੰਜਾਬ ਦੀ ਹੱਸਦੀ-ਵੱਸਦੀ ਜਵਾਨੀ ਬਰਬਾਦ ਕਰ ਦਿੱਤੀ ਹੈ।
ਆਪਣੇ ਮਾਝੇ ਅਤੇ ਰਿਆੜਕੀ ਪਿਛੋਕੜ ਦਾ ਜ਼ਿਕਰ ਕਰਦਿਆਂ ਭਾਵੁਕ ਹੁੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਜਿਸ ਗੁਰੂਆਂ-ਪੀਰਾਂ ਦੀ ਧਰਤੀ ਦੇ ਬਾਬਾ ਬਘੇਲ ਸਿੰਘ ਵਰਗੇ ਮਹਾਨ ਜਰਨੈਲਾਂ ਨੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੇਸਰੀ ਪਰਚਮ ਲਹਿਰਾਇਆ ਸੀ, ਅੱਜ ਉਸ ਪੰਜਾਬ ਦੀ ਜਵਾਨੀ ਨੂੰ ‘ਆਪ’ ਸਰਕਾਰ ਨੇ ਨਸ਼ਿਆਂ ਦੀ ਗ਼ੁਲਾਮ ਬਣਾ ਦਿੱਤਾ ਹੈ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਭਾਜਪਾ ਵੱਲੋਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਕੱਢੀ ਜਾ ਰਹੀ ਯਾਤਰਾ ਨੂੰ ਆਮ ਆਦਮੀ ਪਾਰਟੀ ਵਾਲੇ ਕਾਲੇ ਝੰਡੇ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦਾ ਵਿਰੋਧ ਇਹ ਸਪੱਸ਼ਟ ਕਰਦਾ ਹੈ ਕਿ ਕੇਜਰੀਵਾਲ ਅਤੇ ਮਾਨ ਸਰਕਾਰ ਸਿੱਧੇ ਤੌਰ ’ਤੇ ਨਸ਼ਾ ਤਸਕਰਾਂ ਦੀ ਢਾਲ ਬਣ ਕੇ ਖੜ੍ਹੀ ਹੈ।
ਸ੍ਰੀ ਸਿਰਸਾ ਨੇ ਮਾਨ ਸਰਕਾਰ ਦੇ ਪੁਲਿਸ ਤੰਤਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਪੀੜਤ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਦਕਿ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ ਦੀ ਪੁਲਿਸ ਅਤੇ ਸੱਤਾਧਾਰੀ ਲੀਡਰ ਪੁਸ਼ਤਪਨਾਹੀ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਰਾਤਾਂ ਨੂੰ ਮਹਿਫ਼ਲਾਂ ਸਜਾਈਆਂ ਜਾਂਦੀਆਂ ਹਨ।
ਨਸ਼ਾ ਪੀੜਤ ਪਰਿਵਾਰਾਂ ਦੇ ਦਰਦ ਨੂੰ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਹਾਲਾਤ ਇਹ ਹਨ ਕਿ ਇੱਕੋ-ਇੱਕ ਘਰ ਵਿੱਚੋਂ ਦੋ ਤੋਂ ਚਾਰ ਪੁੱਤ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਚੁੱਕੇ ਹਨ, ਜਵਾਈ ਨਸ਼ੇੜੀ ਹੋ ਗਏ ਹਨ ਅਤੇ ਧੀਆਂ ਵਿਧਵਾ ਹੋ ਕੇ ਘਰ ਬੈਠੀਆਂ ਹਨ। ਬਸਤੀਆਂ ਵਿੱਚ 20-20 ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਪੁਲਿਸ ਮੁਕੱਦਮਾ ਦਰਜ ਕਰਨ ਦੀ ਬਜਾਏ ਮੌਤ ਦਾ ਕਾਰਨ ‘ਹਾਰਟ ਅਟੈਕ’ ਦੱਸ ਕੇ ਮਾਮਲਾ ਰਫ਼ਾ-ਦਫ਼ਾ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਦੇ ਬਾਵਜੂਦ ਪੰਜਾਬ ਨੂੰ ਸਿਰਫ਼ ਇੱਕ ਕਮੇਡੀਅਨ ਦਿੱਤਾ ਹੈ, ਜੋ ਸਟੇਜਾਂ ’ਤੇ ਨੱਚਣ-ਟੱਪਣ ਤੋਂ ਸਿਵਾਏ ਕੁਝ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਜਿਵੇਂ ਵੈਨੇਜ਼ੁਏਲਾ ਦਾ ਤਾਨਾਸ਼ਾਹ ਨਸ਼ਾ ਤਸਕਰਾਂ ਤੋਂ ਪੈਸੇ ਇਕੱਠੇ ਕਰਕੇ ਸਟੇਜਾਂ ’ਤੇ ਨੱਚਦਾ ਸੀ, ਉਹੀ ਹਾਲ ਅੱਜ ਪੰਜਾਬ ਦੇ ਹਾਕਮਾਂ ਦਾ ਹੈ। ਹੁਣ ਆਪਣੀ ਨਾਲਾਇਕੀ ਲੁਕਾਉਣ ਲਈ ਇਹ ਬਾਰਡਰ ਅਤੇ BSF ਦੇ ਨਾਂ ਹੇਠ ਕੇਂਦਰ ਸਿਰ ਠੀਕਰਾ ਭੰਨਦੇ ਹਨ। ਸ੍ਰੀ ਸਿਰਸਾ ਨੇ ਪੁੱਛਿਆ ਕਿ ਜਦੋਂ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦਿੱਤੀ ਸੀ, ਕੀ ਉਦੋਂ ਬਾਰਡਰ ਨਹੀਂ ਸੀ?
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੀ ਸਮਝਦਾਰ ਜਨਤਾ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਭ੍ਰਿਸ਼ਟ ਆਗੂਆਂ ਨੂੰ ਹਰਾ ਕੇ ਸੱਤਾ ਤੋਂ ਭਜਾ ਦਿੱਤਾ। ਹੁਣ ਇਹ ਸਾਰੇ ਹਾਰੇ ਹੋਏ ਲੀਡਰ ਪੰਜਾਬ ਦੇ ਖ਼ਜ਼ਾਨੇ, ਪੰਜਾਬ ਸਰਕਾਰ ਦੇ ਹੈਲੀਕਾਪਟਰਾਂ ਅਤੇ ਜਹਾਜ਼ਾਂ ਦੇ ਝੂਟੇ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਦਵਾਈਆਂ ਨਹੀਂ ਹਨ, ਨਸ਼ਾ ਛੁਡਾਊ ਕੇਂਦਰਾਂ ਵਿੱਚ ਸਹੂਲਤਾਂ ਨਹੀਂ ਹਨ, ਪਰ ਕੇਜਰੀਵਾਲ ਸਰਕਾਰ ਪੰਜਾਬ ਦਾ 1200 ਕਰੋੜ ਰੁਪਿਆ ਦੂਜੇ ਰਾਜਾਂ ਵਿੱਚ ਆਪਣੇ ਝੂਠੇ ਪ੍ਰਚਾਰ ਅਤੇ ਇਸ਼ਤਿਹਾਰਾਂ ’ਤੇ ਪਾਣੀ ਵਾਂਗ ਵਹਾ ਰਹੀ ਹੈ ਕਿ ਪੰਜਾਬ ’ਚ ਨਸ਼ਾ ਖਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਨੇ ਸਰਕਾਰ ਬਣਦਿਆਂ ਹੀ ਇਹ ਫ਼ਜ਼ੂਲ ਖ਼ਰਚੇ ਬੰਦ ਕਰਕੇ ਲੋਕਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ, ਸੋਲਰ ਪੈਨਲਾਂ ਲਈ ਸਹਾਇਤਾ ਅਤੇ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਦਾ ਖ਼ਾਤਮਾ ਅਤੇ ਛੱਤੀਸਗੜ੍ਹ ਵਿੱਚੋਂ ਨਕਸਲਵਾਦ ਦੀ ਕਮਰ ਤੋੜਨਾ ਸਿਰਫ਼ ਮੋਦੀ ਸਰਕਾਰ ਦੀ ਸਖ਼ਤ ਇੱਛਾ-ਸ਼ਕਤੀ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਨਸ਼ਿਆਂ ਦੀ ਗ਼ੁਲਾਮੀ ਵਿੱਚੋਂ ਕੱਢਣ ਲਈ ਘਰਾਂ ਵਿੱਚੋਂ ਬਾਹਰ ਨਿਕਲਣਾ ਪਵੇਗਾ ਅਤੇ ਪੰਜਾਬ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਲਿਆਉਣੀ ਪਵੇਗੀ, ਤਾਂ ਜੋ ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਨਸ਼ੇ ਦੀ ਜੜ੍ਹ ਹੀ ਵੱਢ ਦਿੱਤੀ ਜਾਵੇ।
ਇਸ ਮੌਕੇ ਪ੍ਰਸਿੱਧ ਕਲਾਕਾਰ ਅਤੇ ਐਡਵੋਕੇਟ ਸਤਿੰਦਰ ਸੱਤੀ ਨੇ ‘ਆਪ’ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਗਰਜਵੇਂ ਬੋਲਾਂ ਵਿੱਚ ਕਿਹਾ ਕਿ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਜਰਨੈਲ ਹਰੀ ਸਿੰਘ ਨਲੂਆ ਦੀ ਵਾਰਸ ਕੌਮ ਨੂੰ ਕੇਜਰੀਵਾਲ ਤੇ ਮਾਨ ਜੋੜੀ ਨੇ ਨਸ਼ਿਆਂ ਦੀ ਮੰਡੀ ਬਣਾ ਕੇ ਰੱਖ ਦਿੱਤਾ ਹੈ।







