ਜਲੰਧਰ (ਵੀਓਪੀ ਬਿਊਰੋ ):-ਸੀ ਪੀ ਆਈ (ਐਮ) ਦੇ ਸੀਨੀਅਰ ਆਗੂ ਅਤੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ, ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸਪੁੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਪੰਜਾਬ ਅਤੇ ਪੰਜਾਬੀ ਦੇ ਅਗਾਂਹਵਧੂ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਦੇ ਸੰਪਾਦਕ ਅਤੇ ਸੀ ਪੀ ਆਈ ਦੇ ਅਹਿਮ ਆਗੂ ਕਾਮਰੇਡ ਚੰਦ ਫਤਿਹਪੁਰੀ ਦੇ ਸਦੀਵੀ ਵਿਛੋੜੇ ਤੇ ਉਨ੍ਹਾਂ ਦੇ ਪਰਿਵਾਰ, ਪਾਰਟੀ, ਨਵਾਂ ਜ਼ਮਾਨਾ ਦੇ ਸ਼ੁਭਚਿੰਤਕਾਂ ਅਤੇ ਸਮੂਹ ਅਗਾਂਹਵਧੂ ਹਲਕਿਆਂ ਨਾਲ ਬਹੁਤ ਡੂੰਘੇ ਦੁੱਖ, ਅਫਸੋਸ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਕਾਮਰੇਡ ਤੱਗੜ ਵੱਲੋਂ ਇੱਥੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕਾਮਰੇਡ ਚੰਦ ਫਤਿਹਪੁਰੀ ਨਾਲ ਉਨ੍ਹਾਂ ਦੇ ਸਬੰਧ 1970ਵਿਆਂ ਤੋਂ ਵਿਦਿਆਰਥੀ ਲਹਿਰ ਦੇ ਉਨ੍ਹਾਂ ਸਮਿਆਂ ਤੋਂ ਬਣੇ ਹੋਏ ਸਨ ਜਦੋਂ ਕਈ ਕਾਲਜਾਂ ਖਾਸ ਕਰਕੇ ਗੁਰੂ ਨਾਨਕ ਕਾਲਜ ਸੁਲਤਾਨਪੁਰ ਲੋਧੀ ਅਤੇ ਰਣਧੀਰ ਕਾਲਜ ਕਪੂਰਥਲਾ ਵਿਚ ਹੋਣ ਵਾਲੇ ਵਿਦਿਆਰਥੀ ਸੰਘਰਸ਼ਾਂ ਅਤੇ ਹੜਤਾਲਾਂ ਦੌਰਾਨ ਹੋਣ ਵਾਲੀਆਂ ਰੈਲੀਆਂ ਨੂੰ ਕਈ ਵਾਰ ਇਕੱਠਿਆਂ ਵੀ ਸੰਬੋਧਨ ਕਰਦੇ ਹੁੰਦੇ ਸੀ।
ਬਾਅਦ ਵਿੱਚ ਵੀ ਇਹ ਸਬੰਧ ਪਾਰਟੀਆਂ ਅਤੇ ਕਿਸਾਨ ਸਭਾਵਾਂ ਦੇ ਸਾਂਝੇ ਸੰਘਰਸ਼ ਦੌਰਾਨ ਅਤੇ ਉਨ੍ਹਾਂ ਵੱਲੋਂ ਨਵਾਂ ਜ਼ਮਾਨਾ ਜੁਆਇਨ ਕਰਨ ਤੇ ਵੀ ਜਾਰੀ ਰਹੇ। ਕਾਮਰੇਡ ਤੱਗੜ ਨੇ ਹੋਰ ਅੱਗੇ ਕਿਹਾ ਕਿ ਚੰਦ ਫਤਿਹਪੁਰੀ ਦੀਆਂ ਲਿਖਤਾਂ ਖਾਸ ਕਰਕੇ ਉਹਨਾਂ ਦੇ ਸੰਪਾਦਕੀ ਬੇਹੱਦ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਹੁੰਦੀਆਂ ਸਨ ਜਿਨਾਂ ਤੋਂ ਖੱਬੀ ਧਿਰ ਦੇ ਸਮੂਹ ਪਾਠਕਾਂ ਅਤੇ ਸਮਰਥਕਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਸੀ।

ਉਹਨਾਂ ਦੇ ਵਿਛੋੜੇ ਨਾਲ ਨਾ ਕੇਵਲ ਪਰਿਵਾਰ ਨੂੰ ਜਾਂ ਕੇਵਲ ਸੀਪੀਆਈ ਨੂੰ ਹੀ ਬਲਕਿ ਸਮੁੱਚੀ ਖੱਬੀ ਅਤੇ ਅਗਾਂਹ ਵਧੂ ਦਰ ਨੂੰ ਹੀ ਵੱਡਾ ਘਾਟਾ ਪਿਆ ਹੈ ਜਿਸ ਨੂੰ ਛੇਤੀ ਕੀਤੇ ਪੂਰਾ ਨਹੀਂ ਕੀਤਾ ਜਾ ਸਕੇਗਾ।
ਉਹਨਾਂ ਦੇ ਯੋਗਦਾਨ ਨੂੰ ਬਹੁਤ ਲੰਬਾ ਸਮਾਂ ਯਾਦ ਰੱਖਿਆ ਜਾਏਗਾ।ਅੰਤ ਵਿੱਚ ਕਾਮਰੇਡ ਤੱਗੜ, ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਨੇ ਕਾਮਰੇਡ ਫਤਿਹਪੁਰੀ ਦੇ ਸਮੂਹ ਪਰਿਵਾਰਿਕ ਮੈਂਬਰਾਂ ਨਾਲ ਵਿਸ਼ੇਸ਼ ਤੌਰ ਤੇ ਮੁੜ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ।






