ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਅਜਨਾਲਾ ਵਿੱਚ RPF ਦੇ ASI ਸੁਖਚੈਨ ਸਿੰਘ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਸੋਸ਼ਲ ਮੀਡੀਆ ’ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ ਯਾਨੀ TTH ਦੇ ਨਾਮ ਨਾਲ ASI ਸੁਖਚੈਨ ਸਿੰਘ ’ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਡਿਊਟੀ ਤੋਂ ਘਰ ਵਾਪਸ ਪਰਤ ਰਹੇ ASI ਸੁਖਚੈਨ ਸਿੰਘ ’ਤੇ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਦੌਰਾਨ ਇੱਕ ਗੋਲੀ ਉਨ੍ਹਾਂ ਦੀ ਖੱਬੀ ਬਾਂਹ ਨੂੰ ਚੀਰਦੀ ਹੋਈ ਆਰ-ਪਾਰ ਹੋ ਗਈ ਸੀ।
ਘਟਨਾ ਤੋਂ ਬਾਅਦ DGP ਲਾਅ ਐਂਡ ਆਰਡਰ ਪੀ.ਕੇ. ਸਿਨ੍ਹਾ ਵੀ ਅਜਨਾਲਾ ਪਹੁੰਚੇ ਸਨ ਅਤੇ ਉਨ੍ਹਾਂ ਨੇ ASI ਸੁਖਚੈਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ TTH ਦੇ ਨਾਮ ’ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੋਸਟ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਧਮਕੀ ਭਰੀ ਭਾਸ਼ਾ ਵੀ ਵਰਤੀ ਗਈ ਹੈ।
ਹਾਲਾਂਕਿ, ਇਸ ਪੋਸਟ ਅਤੇ ਇਸ ਵਿੱਚ ਕੀਤੇ ਗਏ ਦਾਅਵਿਆਂ ਦੀ ਹਾਲੇ ਤੱਕ ਪੁਲਿਸ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਵਾਇਰਲ ਪੋਸਟ ਦੇ ਪਿੱਛੇ ਕੌਣ ਹੈ ਅਤੇ ਫਾਇਰਿੰਗ ਦੀ ਅਸਲ ਵਜ੍ਹਾ ਕੀ ਸੀ।





