ਜਲੰਧਰ (ਵੀਓਪੀ ਬਿਊਰੋ) ਜਲੰਧਰ ਤੋਂ ਇਸ ਸਮੇਂ ਦੀ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਕ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਲੰਧਰ ਵਿੱਚ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਦਿਵਿਤ ਔਲਖ ਅਤੇ ਆਰਵ ਤਲਵਾੜ ਵਜੋਂ ਹੋਈ ਹੈ। ਦਿਵਿਤ ਔਲਖ, ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਖ ਦੇ 18 ਸਾਲਾ ਛੋਟੇ ਪੁੱਤਰ ਸਨ। ਜਦਕਿ ਦੂਜੇ ਨੌਜਵਾਨ ਆਰਵ ਤਲਵਾੜ ਦਾ ਸੰਬੰਧ ਜਲੰਧਰ ਦੇ ਮਸ਼ਹੂਰ ਪੱਪੀ ਸਵੀਟਸ ਪਰਿਵਾਰ ਨਾਲ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਬੀਤੀ ਰਾਤ ਇਹ ਪੰਜੇ ਨੌਜਵਾਨ ਇੱਕ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਰਾਤ ਕਰੀਬ ਡੇਢ ਵਜੇ ਜਦੋਂ ਉਨ੍ਹਾਂ ਦੀ ਗੱਡੀ ਪੁਲਿਸ ਲਾਈਨ ਰੋਡ ਤੋਂ ਖਾਲਸਾ ਕਾਲਜ ਵੱਲ ਜਾਣ ਵਾਲੇ ਮੋੜ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੀ ਇੱਕ ਟਰਾਲੀ ਨਾਲ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਆਰਵ ਤਲਵਾੜ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ‘ਤੇ ਬੈਠੇ ਸਨ, ਜਦਕਿ ਦਿਵਿਤ ਔਲਖ ਪਿਛਲੀ ਸੀਟ ‘ਤੇ ਸਵਾਰ ਸਨ।






