ਡੀਏਵੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਵਧਾਈ ਸੁਰੱਖਿਆ, 3 ਵਿਦਿਆਰਥੀਆਂ ਨੇ ਕੀਤੀ ਸੀ ਸ਼ਰਾਰਤ, ਕਾਰਵਾਈ ਲਈ…

ਡੀਏਵੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਵਧਾਈ ਸੁਰੱਖਿਆ, 3 ਵਿਦਿਆਰਥੀਆਂ ਨੇ ਕੀਤੀ ਸੀ ਸ਼ਰਾਰਤ, ਕਾਰਵਾਈ ਲਈ…

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਅੱਤਵਾਦੀਆਂ ਨੇ ਲਾਰੈਂਸ ਰੋਡ ‘ਤੇ ਸਥਿਤ ਡੀਏਵੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਜਿਵੇਂ ਹੀ ਇਹ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਇਆ ਪੁਲਿਸ ਅਧਿਕਾਰੀਆਂ ਨੇ ਸਕੂਲ ਅਤੇ ਇਸ ਦੇ ਆਸਪਾਸ ਦੇ ਖੇਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਇਸ ਧਮਕੀ ਤੋਂ ਬਾਅਦ ਡੀਏਵੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਸੀ ਪਰ ਫਿਰ ਵੀ ਸਵੇਰੇ ਸਕੂਲ ਖੁੱਲ੍ਹਣ ਦੇ ਸਮੇਂ ਵੱਡੀ ਗਿਣਤੀ ਵਿੱਚ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਸਕੂਲੇ ਪਹੁੰਚਣੇ ਸ਼ੁਰੂ ਹੋ ਗਏ। ਜਦੋਂ ਇਸ ਸਬੰਧੀ ਬੱਚਿਆਂ ਨਾਲ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਪੁਲਿਸ ਦੇ ਲਾਅ ਐਂਡ ਆਰਡਰ ‘ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਲੱਗ ਪਏ ਤਾਂ ਫਿਰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਹੋਰ ਬਲ ਮਿਲੇਗਾ ਦੂਜੇ ਪਾਸੇ ਬੱਚੇ ਵੀ ਖੁਸ਼ੀ-ਖੁਸ਼ੀ ਸਕੂਲ ਵਿਚ ਜਾਂਦੇ ਦਿਖਾਈ ਦਿੱਤੇ।

ਇਸ ਪੂਰੇ ਮਾਮਲੇ ਵਿੱਚ ਸਕੂਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਹੀ ਪਤਾ ਲੱਗਾ ਸੀ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਉਨ੍ਹਾਂ ਵੱਲੋਂ ਉਸ ਵੇਲੇ ਐਕਸ਼ਨ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦਾ ਅਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਮੌਕੇ ਉੱਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਇਕ ਫੇਕ ਧਮਕੀ ਨਿਕਲੀ ਅਤੇ ਇਸ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਧਮਕੀ ਸਕੂਲ ਦੇ ਬੱਚਿਆਂ ਵੱਲੋਂ ਹੀ ਮਜ਼ਾਕ ਮਜ਼ਾਕ ਵਿੱਚ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਦੇ ਕਿਸੇ ਵਿਦਿਆਰਥੀ ਵੱਲੋਂ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ। ਉਨ੍ਹਾਂ ਨਾਲ ਹੀ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਥੋੜ੍ਹਾ ਜਿਹਾ ਸਹਿਮ ਦਾ ਮਾਹੌਲ ਜ਼ਰੂਰ ਸੀ ਪਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਕੂਲ ਪਹੁੰਚ ਰਹੇ ਹਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਚਾਨਕ ਡੀਏਵੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਦਾ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਫੈਲ ਗਿਆ। ਸੰਦੇਸ਼ ਵਿੱਚ ਲਿਖਿਆ ਹੈ ਕਿ 8 ਸਤੰਬਰ ਨੂੰ ਸਕੂਲ ਨੂੰ ਉਡਾ ਦਿੱਤਾ ਜਾਵੇਗਾ। ਰਾਤ ਨੂੰ ਹੀ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟਿਆਂ ਵਿੱਚ ਹੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ। ਇਹ ਅਫਵਾਹ ਸਕੂਲ ਦੇ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਸਮਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਜੇ ਤੱਕ ਸਕੂਲ ਨੂੰ ਬੱਚਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਸਕੂਲ ਦੀ ਪ੍ਰਿੰਸੀਪਲ ਪੱਲਵੀ ਸੇਠੀ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਉਨ੍ਹਾਂ ਦੇ ਸਕੂਲ ਦੇ ਹਨ ਤਾਂ ਉਹ ਵੀ ਕਾਰਵਾਈ ਕਰਨਗੇ।

error: Content is protected !!