ਚਾਰ ਦਰਜਨ ਜਨਤਕ ਜਥੇਬੰਦੀਆਂ ਵਲੋਂ ਸਾਂਝੇ ਮੋਰਚੇ ਦਾ ਗਠਨ, ਦਿੱਲੀ ਅੰਦੋਲਨ ਵਿੱਚ ਹਰੇਕ ਹਫਤੇ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਵਾਉਣ ਦਾ ਐਲਾਨ
ਜਲੰਧਰ,7 ਅਪ੍ਰੈਲ (ਰਾਜੂ ਗੁਪਤਾ) – ਭਾਰਤ ਦੀ ਫਾਸ਼ੀਵਾਦੀ ਹਕੂਮਤ ਵਲੋਂ ਪਾਸ ਕੀਤੇ ਗਏ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਰਹੇ ਅੰਦੋਲਨ ਨੂੰ ਹੋਰ ਬੱਲ ਦੇਣ ਲਈ 4 ਦਰਜਨ ਤੋਂ ਵੱਧ ਸਨਅਤੀ ਕਾਮਿਆਂ, ਪੇਂਡੂ ਤੇ ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਜਥੇਬੰਦੀਆਂ ਵਲੋਂ ਏਕਟੂ ਦੇ ਸੂਬਾਈ ਆਗੂ ਗੁਰਮੀਤ ਸਿੰਘ ਬੱਖਤੂਪੁਰਾ,ਏਟਕ ਆਗੂ ਬਲਵੰਤ ਬਰਾੜ ਅਤੇ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਾ ਗਠਨ ਕਰਕੇ ਸੰਘਰਸ਼ ਦਾ ਐਲਾਨ ਕੀਤਾ ਗਿਆ ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਅੱਜ ਦੀ ਸਾਂਝੀ ਮੀਟਿੰਗ ਵਿੱਚ ਲੰਬੀ ਵਿਚਾਰ ਚਰਚਾ ਉਪਰੰਤ ਦਿੱਲੀ ਅੰਦੋਲਨ ਨੂੰ ਜੇਤੂ ਬਣਾਉਣ ਅੰਦੋਲਨ ਵਿੱਚ ਹਰੇਕ ਹਫਤੇ 1 ਹਜ਼ਾਰ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਲੋਂ 10-11 ਅਪ੍ਰੈਲ ਨੂੰ ਦਿੱਲੀ ਦੇ ਕੇ ਐੱਮ ਵੀ ਰੋਡ ਜਾਮ ਕਰਨ,14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜਾ ਮਨਾਉਣ,1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਅਤੇ ਪਾਰਲੀਮੈਂਟ ਵੱਲ ਮਾਰਚ ਕਰਨ ਦੇ ਦਿੱਤੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਇਹਨਾਂ ਵਿੱਚ ਭਰਵੀਂ ਸ਼ਿਰਕਤ ਕਰਨ ਦਾ ਫੈਸਲਾ ਵੀ ਕੀਤਾ ਗਿਆ ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਲੋਕ ਵਿਰੋਧੀ,ਲੋਕ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾਂ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਜਲ,ਜੰਗਲ, ਜ਼ਮੀਨ ਲੁਟਾਉਣ ਲਈ ਕਰੋਨਾ ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਖੇਤੀ, ਅਨਾਜ ਅਤੇੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ, ਲੋਕਾਂ ਦੇ ਘਰਾਂ ਵਿੱਚ ਹਨੇਰਾ ਕਰਨ ਲਈ ਬਿਜਲੀ ਐਕਟ 2020 ਆਦਿ ਲੋਕ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਗਏ ਹਨ। ਇਸ ਖਿਲਾਫ਼ ਲੋਕ ਦਿੱਲੀ ਦੇ ਬਾਰਡਰਾਂ ਨੂੰ ਘੇਰ ਕੇ 4 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ,ਇਸ ਦੌਰਾਨ ਹੀ 300 ਤੋਂ ਵੱਧ ਲੋਕਾਂ ਦੀਆਂ ਸ਼ਹਾਦਤਾਂ ਹੋ ਗੲੀਆਂ ਲੇਕਿਨ ਦੁੱਖ ਦੇ ਪ੍ਰਗਟਾਵੇ ਦਾ ਮੋਦੀ ਹਕੂਮਤ ਵਲੋਂ ਇੱਕ ਸ਼ਬਦ ਵੀ ਨਾ ਬੋਲਣਾ ਸਾਬਿਤ ਕਰਦਾ ਹੈ ਕਿ ਇਹ ਦੇਸ਼ ਦੇ ਲੋਕਾਂ ਦੀ ਸਰਕਾਰ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਗਾਇਆ ਜਾਵੇਗਾ।ਇਸ ਮੌਕੇ ਪੰਜਾਬ ਅੰਦਰ ਕਾਂਗਰਸ, ਅਕਾਲੀ, ਆਪ, ਬਸਪਾ, ਭਾਜਪਾ ਵਲੋਂ ਵੋਟਾਂ ਵੋਟਾਂ ਕਰਨ ਦੀ ਪਾਈ ਜਾ ਰਹੀ ਦੁਹਾਈ ਦੀ ਨਿੰਦਾ ਕਰਦਿਆਂ ਇਹਨਾਂ ਗਤੀਵਿਧੀਆਂ ਨੂੰ ਅੰਦੋਲਨ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕੁਲਵੰਤ ਸਿੰਘ ਸੰਧੂ, ਟ੍ਰੇਡ ਯੂਨੀਅਨ ਏਟਕ ਆਗੂ ਬੰਤ ਬਰਾੜ, ਏਕਟੂ ਦੇ ਗੁਰਮੀਤ ਸਿੰਘ ਬੱਖਤੂਪੁਰਾ,ਇਫਟੂ ਦੇ ਅਵਤਾਰ ਸਿੰਘ ਤਾਰੀ,ਸੀਟੂ ਦੇ ਕੇਵਲ ਸਿੰਘ ਹਜ਼ਾਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਪੇਂਡੂ ਤੇ ਖੇਤ ਮਜ਼ਦੂਰ ਆਗੂ ਗੁਰਨਾਮ ਦਾਊਦ, ਭਗਵੰਤ ਸਮਾਓ,ਕਸ਼ਮੀਰ ਸਿੰਘ ਘੁੱਗਸ਼ੋਰ, ਜ਼ੋਰਾਂ ਸਿੰਘ ਨਸਰਾਲੀ, ਲਖਵੀਰ ਲੌਂਗੋਵਾਲ, ਮੁਲਾਜ਼ਮ ਫੈਡਰੇਸ਼ਨਾਂ ਦੇ ਆਗੂ ਜਰਮਨਜੀਤ ਸਿੰਘ ਛੱਜਲਵੱਡੀ, ਬਲਕਾਰ ਸਿੰਘ ਵਲਟੋਹਾ, ਸਤੀਸ਼ ਰਾਣਾ, ਗੁਰਪ੍ਰੀਤ ਮਾੜੀਮੇਘਾ, ਰਣਜੀਤ ਸਿੰਘ ਰਾਣਵਾਂ, ਸੁਰਜੀਤ ਜੱਜ, ਮੁਹੰਮਦ ਖ਼ਲੀਲ,ਸੰਜੀਵਨ ਸਿੰਘ, ਜਗਦੀਸ਼ ਸਿੰਘ ਚਾਹਲ, ਕੁਲਦੀਪ ਸਿੰਘ ਗਰੇਵਾਲ, ਗੁਰਜੰਟ ਸਿੰਘ, ਸੁਖਦੇਵ ਸ਼ਰਮਾ, ਗੁਰਮੇਲ ਸਿੰਘ,ਵਿੱਕੀ ਮਹੇਸ਼ਰੀ, ਬਲਦੇਵ ਸਿੰਘ ਨੂਰਪੁਰੀ, ਸੁਖਜਿੰਦਰ ਮਹੇਸ਼ਰੀ, ਚਰਨਜੀਤ ਸੰਧੂ, ਜਮਹੂਰੀ ਅਧਿਕਾਰ ਸਭਾ ਦੇ ਆਗੂ ਨਰਭਿੰਦਰ ਸਿੰਘ ਅਤੇ ਐਡਵੋਕੇਟ ਰਜਿੰਦਰ ਸਿੰਘ ਮੰਡ ਆਦਿ ਨੇ ਸੰਬੋਧਨ ਕੀਤਾ ।