ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਨੀ ਦਾ ਠੋਕਵਾਂ ਜਵਾਬ, ਬੋਲੇ-24 ਘੰਟੇ ਫੋਨ ਚਲਦੈ, ਜਦੋਂ ਮਰਜ਼ੀ ਗੱਲ ਕਰ ਲੈਣ

ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਨੀ ਦਾ ਠੋਕਵਾਂ ਜਵਾਬ, ਬੋਲੇ-24 ਘੰਟੇ ਫੋਨ ਚਲਦੈ, ਜਦੋਂ ਮਰਜ਼ੀ ਗੱਲ ਕਰ ਲੈਣ

ਚੰਡੀਗੜ੍ਹ, (ਵੀਓਪੀ ਬਿਊਰੋ) ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਉਤੇ ਤਿੱਖੇ ਹਮਲੇ ਕੀਤੇ ਸਨ ਤੇ ਕਿਹਾ ਸੀ ਕਿ, ਉਹ ਪਤਾ ਨਹੀਂ ਕਿੱਥੇ ਲੁੱਕ ਗਏ ਹਨ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ, ਜਿਸ ਨਾਲ ਸਿਆਸੀ ਗਲਿਆਰਿਆਂ ਵਿਚ ਮੁਡ਼ ਉਬਾਲ ਆ ਗਿਆ ਹੈ।
ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਜਦੋਂ ਮਰਜ਼ੀ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਦ ਮੋਬਾਈਲ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਉਹ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ।

ਚੰਨੀ ਨੇ ਵਿਦੇਸ਼ ਵਿਚੋਂ ਫ਼ੋਨ ਉਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਗਵੰਤ ਮਾਨ ਕਿਹੜੀ ਫ਼ਾਈਲ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਨ। ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫਾਈਲਾਂ ਉਤੇ ਹਸਤਾਖ਼ਰ ਕਰ ਕੇ ਫ਼ੈਸਲੇ ਕੀਤੇ, ਜਿਨ੍ਹਾਂ ਵਿੱਚੋਂ ਬਿਜਲੀ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ, ਉਨ੍ਹਾਂ ਦਾ ਫ਼ੋਨ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਭਗਵੰਤ ਮਾਨ ਜਾਂ ਸਰਕਾਰ ਲੈ ਸਕਦੀ ਹੈ। ਚੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਂ ਫਿਰ ਮੁੱਖ ਮੰਤਰੀ ਵੱਲੋਂ ਕੋਈ ਅਜਿਹਾ ਸੁਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ, ਜਿਸ ਰਾਹੀਂ ਕਿਸੇ ਫ਼ਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤੇ ਗਏ ਭਰੋਸਗੀ ਦੇ ਮਤੇ ਨੂੰ ਪੇਸ਼ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਨ। ਮੁੱਖ ਮੰਤਰੀ ਨੇ ਕਾਫ਼ੀ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਸੀ ਕਿ ਬਹੁਤ ਸਾਰੀਆਂ ਫ਼ਾਈਲਾਂ ਉਤੇ ਚੰਨੀ ਦੇ ਦਸਤਖ਼ਤ ਹਨ, ਜਿਨ੍ਹਾਂ ਫ਼ੈਸਲਿਆਂ ਬਾਰੇ ਉਹ ਚੰਨੀ ਤੋਂ ਪੁੱਛਣਾ ਚਾਹੁੰਦੇ, ਪਰ ਚੰਨੀ ਪਤਾ ਨਹੀਂ ਕਿੱਥੇ ਗਵਾਚ ਗਏ ਹਨ।

error: Content is protected !!