ਕਾਲਕਾ-ਕਾਹਲੋਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਰਨਾ-ਬਾਦਲਾਂ ਵਿਚਾਲੇ ਕਰੋੜਾਂ ਰੁਪਏ ਦੀ ਸੌਦੇਬਾਜ਼ੀ ਦੀ ਜਾਂਚ ਕਰਾਉਣ ਦੀ ਮੰਗ

ਪੰਥਕ ਏਕਤਾ ਦੇ ਨਾਂਅ ’ਤੇ ਸਰਨੇ ਐਸਜੀਪੀਸੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਵਿਊਂਤਬੰਦੀ ’ਚ
ਨਵੀਂ ਦਿੱਲੀ 6 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਰਨਿਆਂ ਤੇ ਬਾਦਲਾਂ ਵਿਚਾਲੇ 10 ਕਰੋੜ ਰੁਪਏ ਖਰਚ ਕਰਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਐਸਜੀਪੀਸੀ ’ਚ ਵੱਡੀ ਜ਼ੁੰਮੇਵਾਰੀ ਲੈਣ ਦੇ ਮਾਮਲੇ ਦੀ ਉਚ-ਪੱਧਰੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇਸ ਸੌਦੇਬਾਜ਼ੀ ਦਾ ਦੁੱਧ-ਪਾਣੀ ਇਕ ਸੰਗਤਾਂ ਸਾਹਮਣੇ ਆ ਸਕੇ। ਸ. ਕਾਹਲੋਂ ਕਿਹਾ ਕਿ ਆਪਣੇ ਪਰਿਵਾਰ ਦੀ ਸੰਭਾਵਤ ਗ੍ਰਿਫਤਾਰੀ ਤੋਂ ਬਚਾਅ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਨਾਲ ਕਰੋੜਾਂ ਰੁਪਏ ਦਾ ਸੌਦਾ ਕਰਕੇ ‘ਪੰਥਕ ਏਕਤਾ’ ਦੇ ਨਾਂਅ ’ਤੇ ਸਰਨਾ ਭਰਾਵਾਂ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਜੋ ਵਿਊਂਤਬੰਦੀ ਕੀਤੀ ਗਈ ਹੈ, ਉਹ ਸਿੱਖ ਸੰਗਤਾਂ ਦੀ ਪਿੱਠ ’ਚ ਛੁਰਾ ਮਾਰਨ ਵਰਗਾ ਹੈ। ਸ. ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅਪੀਲ ਕੀਤੀ ਕਿ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਪਿੱਠੂ ਸਰਨਿਆਂ ਅਤੇ ਬਾਦਲ ਵਿਚਾਲੇ ਦੌਲਤ ਦੇ ਬਲ ’ਤੇ ਹੋਈ ਇਸ ਸੌਦੇਬਾਜ਼ੀ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ।


