ਲਗਜ਼ਰੀ ਚੀਜ਼ਾਂ ਵਿਚ ਸ਼ੁਮਾਰ ਹੋਏ ਪਰਾਠੇ, ਦੇਣਾ ਪਵੇਗਾ 18 ਫੀਸਦੀ ਜੀਐਸਟੀ

ਲਗਜ਼ਰੀ ਚੀਜ਼ਾਂ ਵਿਚ ਸ਼ੁਮਾਰ ਹੋਏ ਪਰਾਠੇ, ਦੇਣਾ ਪਵੇਗਾ 18 ਫੀਸਦੀ ਜੀਐਸਟੀ

ਚੰਡੀਗੜ੍ਹ (ਵੀਓਪੀ ਬਿਊਰੋ) : ਪਰਾਠੇ ਵੀ ਹੁਣ ਲਗਜ਼ਰੀ ਚੀਜ਼ਾਂ ਵਿਚ ਸ਼ੁਮਾਰ ਹੋ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਪਰਾਠਾ ਖਾਣ ਲਈ ਤੁਹਾਨੂੰ 18 ਫੀਸਦੀ ਜੀਐਸਟੀ ਦੇਣਾ ਪਵੇਗਾ। ਉਧਰ, ਰੋਟੀ ਸਸਤੀ ਪਵੇਗੀ ਜਿਸ ਉਤੇ ਸਿਰਫ਼ 5 ਫ਼ੀਸਦੀ ਜੀਐਸਟੀ ਲੱਗੇਗਾ। ਪਰਾਠਿਆਂ ਉਤੇ ਜੀਐਸਟੀ ਨੂੰ ਲਾਗੂ ਕਰਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।

ਰੋਟੀ ਅਤੇ ਪਰਾਠੇ ‘ਤੇ ਵੱਖ-ਵੱਖ ਜੀਐਸਟੀ ਦਰਾਂ ਕਾਰਨ ਇਹ ਵਿਵਾਦ ਹੋ ਰਿਹਾ ਹੈ। ਉਦਯੋਗ ਨਾਲ ਜੁੜੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਕਿਉਂਕਿ ਦੋਵਾਂ ਨੂੰ ਬਣਾਉਣ ਲਈ ਮੂਲ ਸਮੱਗਰੀ ਕਣਕ ਦਾ ਆਟਾ ਹੈ, ਇਸ ਲਈ ਇਸ ‘ਤੇ ਇੱਕੋ ਜਿਹਾ ਜੀਐਸਟੀ ਲਾਗੂ ਹੋਣਾ ਚਾਹੀਦਾ ਹੈ। ਪਰ ਗੁਜਰਾਤ ਜੀਐਸਟੀ ਅਥਾਰਟੀ ਦੇ ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਪਰਾਠਾ ਰੋਟੀ ਤੋਂ ਬਿਲਕੁਲ ਵੱਖਰਾ ਹੈ। ਤੁਸੀਂ ਮੱਖਣ ਜਾਂ ਘਿਓ ਦੇ ਬਿਨਾਂ ਰੋਟੀ ਜਾਂ ਚਪਾਤੀ ਵੀ ਖਾ ਸਕਦੇ ਹੋ, ਪਰ ਇਨ੍ਹਾਂ ਤੋਂ ਬਿਨਾਂ ਪਰਾਠਾ ਨਹੀਂ ਬਣਦਾ, ਕਿਉਂਕਿ ਘਿਓ ਚੂੜੀ ਰੋਟੀ ਜਾਂ ਪਰਾਠਾ ਇੱਕ ਤਰ੍ਹਾਂ ਨਾਲ ਲਗਜ਼ਰੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਇਸ ਲਈ 18 ਫੀਸਦੀ ਦੀ ਦਰ ਨਾਲ ਟੈਕਸ ਲਗਾਉਣਾ ਲਾਜ਼ਮੀ ਹੈ।

ਜ਼ਿਕਰਯੋਗ ਹੈ ਕਿ ਰੋਟੀ ਤੇ ਪਰਾਠੇ ਦੀ ਤਰ੍ਹਾਂ ਹੀ ਜੀਐਸਟੀ ਨੂੰ ਲੈ ਕੇ ਵਿਵਾਦ ਦੁੱਧ ਅਤੇ ਵੱਖੋ-ਵੱਖ ਸਵਾਦ ਤੇ ਖੁਸ਼ਬੂ ਵਾਲੇ ਫਲੇਵਰਡ ਦੁੱਧ ਨੂੰ ਲੈ ਕੇ ਵੀ ਹੈ। ਗੁਜਰਾਤ ਦੇ ਜੀਐਸਟੀ ਅਧਿਕਾਰੀਆਂ ਨੇ ਫਲੇਵਰਡ ਦੁੱਧ ‘ਤੇ 12 ਫੀਸਦੀ ਜੀਐਸਟੀ ਨੂੰ ਜਾਇਜ਼ ਮੰਨਿਆ ਹੈ, ਜਦੋਂ ਕਿ ਦੁੱਧ ‘ਤੇ ਕੋਈ ਟੈਕਸ ਲਾਉਣ ਦਾ ਅਨੁਮਾਨ ਨਹੀਂ ਹੈ।

ਪਕਾਉਣ ਲਈ ਤਿਆਰ ਡੋਸੇ ‘ਤੇ 18% ਜੀਐਸਟੀ, ਆਟੇ ‘ਤੇ 5%

ਇਸੇ ਤਰ੍ਹਾਂ ਤਾਮਿਲਨਾਡੂ ਦੇ ਜੀਐਸਟੀ ਪ੍ਰਸ਼ਾਸਨ ਨੇ ਪਕਾਉਣ ਲਈ ਤਿਆਰ ਡੋਸਾ, ਇਡਲੀ ਅਤੇ ਦਲੀਆ ਮਿਸ਼ਰਣ ਆਦਿ ‘ਤੇ 18 ਫੀਸਦੀ ਜੀਐਸਟੀ ਲਾਇਆ ਸੀ ਪਰ ਡੋਸਾ ਜਾਂ ਇਡਲੀ ਬਣਾਉਣ ਲਈ ਪਕਵਾਨ ਵਜੋਂ ਵੇਚਣ ‘ਤੇ 5 ਫੀਸਦੀ ਜੀਐਸਟੀ ਲਾਇਆ ਗਿਆ ਸੀ। ਇਸ ਦੇ ਨਾਲ ਹੀ, ਗੁਜਰਾਤ ਟੈਕਸ ਪ੍ਰਸ਼ਾਸਨ ਨੇ ਪੁਰੀ, ਪਾਪੜ ਅਤੇ ਅਨਫ੍ਰਾਈਡ ਪਾਪੜ ‘ਤੇ 5 ਫੀਸਦੀ ਜੀਐਸਟੀ ਲਾਇਆ, ਜਦਕਿ ਕਰਨਾਟਕ ਵਿਚ ਰਵਾ ਇਡਲੀ ਡੋਸੇ ‘ਤੇ 18 ਫੀਸਦੀ ਜੀਐਸਟੀ ਲਗਾਇਆ ਗਿਆ।

error: Content is protected !!