ਸ਼ਰਾਰਤੀ ਅਨਸਰਾਂ ਨੇ ਕਾਲੀ ਮਾਂ ਦੀ ਮੂਰਤੀ ਕੀਤੀ ਖੰਡਿਤ, ਹਿੰਦੂ ਸਮਾਜ ਦੇ ਆਗੂਆਂ ਨੇ ਦਿੱਤੀ ਪ੍ਰਸ਼ਾਸਨ ਨੂੰ ਚਿਤਾਵਨੀ…

ਸ਼ਰਾਰਤੀ ਅਨਸਰਾਂ ਨੇ ਕਾਲੀ ਮਾਂ ਦੀ ਮੂਰਤੀ ਕੀਤੀ ਖੰਡਿਤ, ਹਿੰਦੂ ਸਮਾਜ ਦੇ ਆਗੂਆਂ ਨੇ ਦਿੱਤੀ ਪ੍ਰਸ਼ਾਸਨ ਨੂੰ ਚਿਤਾਵਨੀ…

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਧੂਰੀ ਲਾਈਨ ਸੰਤਪੁਰਾ ਮੁਹੱਲੇ ਵਿੱਚ ਸ਼ਰਾਰਤੀ ਅਨਸਰਾਂ ਨੇ ਕਾਲੀ ਮਾਂ ਦੀ ਮੂਰਤੀ ਨੂੰ ਖੰਡਿਤ ਕਰ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਹੈ। ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਦੇਖ ਕੇ ਕੀਤੀ ਗਈ ਅਜਿਹੀ ਹਰਕਤ ਦੇ ਨਾਲ ਹਰ ਪਾਸੇ ਰੋਸ ਹੈ। ਹਿੰਦੂ ਸਮਾਜ ਦੇ ਆਗੂਆਂ ਨੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਬੀਤੀ ਰਾਤ ਦੀ ਹੈ ਅਤੇ ਸਵੇਰੇ ਮੰਦਰ ਪਹੁੰਚਦੇ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ।

ਹਿੰਦੂ ਸਮਾਜ ਦੇ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਅਧਿਕਾਰੀ ਏਡੀਸੀਪੀ ਰੁਪਿੰਦਰ ਕੌਰ ਸਰਾਂ, ਏਸੀਪੀ ਰਾਜੇਸ਼ ਸ਼ਰਮਾ, ਏਸੀਪੀ ਹਰੀਸ਼ ਬਹਿਲ ਮੌਕੇ ’ਤੇ ਪੁੱਜੇ। ਇਸ ਦੌਰਾਨ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਵੀ ਚੈੱਕ ਕੀਤੇ, ਫਿਲਹਾਲ ਪੁਲਿਸ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਅਤੇ ਭਾਨੂ ਪ੍ਰਤਾਪ ਮੰਦਰ ਪੁੱਜੇ। ਧਾਰਮਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਪੁਜਾਰੀ ਨੂੰ ਮੰਦਰ ‘ਚ ਰੱਖਿਆ ਗਿਆ ਹੈ, ਉਹ ਰਾਤ ਦੇ ਸਮੇਂ ਮੰਦਰ ਨਹੀਂ ਹੈ। ਥਾਣਾ ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀਆਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਧਾਰਮਿਕ ਜਥੇਬੰਦੀਆਂ ਨੇ ਪੁਲਿਸ ਨੂੰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਸਮੇਂ ਸਿਰ ਨਾ ਫੜੇ ਗਏ ਤਾਂ ਸੰਘਰਸ਼ ਵਿੱਢਿਆ ਜਾਵੇਗਾ।

error: Content is protected !!