ਬੰਦੀਛੋੜ ਦਿਹਾੜੇ ਉਤੇ ਪੀਐਮ ਮੋਦੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਕਰਨ ਐਲਾਨ: ਮਾਨ

ਬੰਦੀਛੋੜ ਦਿਹਾੜੇ ਉਤੇ ਪੀਐਮ ਮੋਦੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਕਰਨ ਐਲਾਨ: ਮਾਨ

ਨਵੀਂ ਦਿੱਲੀ 22 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਬੰਦੀਛੋੜ ਦਿਹਾੜੇ ਉਤੇ ਸਿੱਖ ਕੌਮ ਦੇ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਨੇ ਮਨੁੱਖੀ ਹੱਕਾਂ ਦੀ ਦ੍ਰਿੜਤਾ ਨਾਲ ਪੈਰਵੀ ਕਰਦੇ ਹੋਏ ਆਪਣੇ ਨਾਲ ਉਸ ਸਮੇਂ ਦੀ ਹਕੂਮਤ ਵੱਲੋਂ ਗਵਾਲੀਅਰ ਦੇ ਕਿਲੇ ਵਿਚ ਬੰਦੀ ਬਣਾਏ ਗਏ ਹਿੰਦੂ ਰਾਜਿਆ ਨੂੰ ਰਿਹਾਅ ਕਰਵਾਕੇ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਕੋਈ ਵੀ ਹੁਕਮਰਾਨ ਆਪਣੇ ਸੌੜੇ ਹਿੱਤਾ ਦੀ ਪੂਰਤੀ ਲਈ ਨਿਰਦੋਸ਼ਾਂ ਤੇ ਬੇਕਸੂਰ ਇਨਸਾਨਾਂ ਨੂੰ ਜ਼ਬਰੀ ਬੰਦੀ ਨਾ ਬਣਾਏ ਕਿਉਂਕਿ ਇਹ ਇਨਸਾਨੀ ਕਦਰਾਂ-ਕੀਮਤਾਂ ਅਤੇ ਉਸ ਅਕਾਲ ਪੁਰਖ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ । ਇਸ ਲਈ ਕਿਸੇ ਵੀ ਹੁਕਮਰਾਨ ਨੂੰ ਕਿਸੇ ਵੀ ਇਨਸਾਨ ਨੂੰ ਇਕ ਪਲ ਲਈ ਵੀ ਜ਼ਬਰੀ ਬੰਦੀ ਬਣਾਕੇ ਨਹੀ ਰੱਖਣਾ ਚਾਹੀਦਾ । ਉਸ ਸਮੇਂ ਦੇ ਹੁਕਮਰਾਨ ਨੂੰ ਸੁਬੋਧਿਤ ਹੁੰਦੇ ਹੋਏ ਗੁਰੂ ਸਾਹਿਬ ਨੇ ਇਹ ਸੁਨੇਹਾ ਭੇਜਿਆ ਸੀ ਕਿ ਜੇਕਰ ਹੁਕਮਰਾਨ ਮੈਨੂੰ ਰਿਹਾਅ ਕਰਨਾ ਚਾਹੁੰਦਾ ਹੈ ਤਾਂ ਗਵਾਲੀਅਰ ਕਿਲੇ ਵਿਚ ਬੰਦੀ ਬਣਾਏ ਗਏ 52 ਹਿੰਦੂ ਰਾਜਿਆ ਨੂੰ ਵੀ ਮੇਰੇ ਨਾਲ ਰਿਹਾਅ ਕੀਤਾ ਜਾਵੇ । ਤਦ ਹੀ ਮੈਂ ਕੈਦ ਵਿਚ ਬਾਹਰ ਜਾਵਾਂਗਾ । ਇਸ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਦੇ ਹੋਏ ਇੰਡੀਆ ਦੀ ਸੈਂਟਰ ਦੀ ਮੋਦੀ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਮਹਾਨ ਬੰਦੀਛੋੜ ਦਿਹਾੜੇ ਦੇ ਵੱਡੇ ਮਕਸਦ ਨੂੰ ਮੁੱਖ ਰੱਖਕੇ ਸਜਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਜ਼ਬਰੀ ਬੰਦੀ ਰੱਖੇ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਦਾ ਤੁਰੰਤ ਐਲਾਨ ਕਰਨ । ਅਜਿਹਾ ਅਮਲ ਕਰਕੇ ਹੀ ਹਿੰਦ ਸਰਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਬਲ ਦੇ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੀ 24 ਅਕਤੂਬਰ ਨੂੰ ਬੰਦੀਛੋੜ ਦਿਹਾੜੇ ਦੇ ਸੁੱਭ ਮੌਕੇ ਉਤੇ ਜਿਥੇ ਸਮੁੱਚੀ ਮਨੁੱਖਤਾ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਇਸਦੀ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ, ਉਥੇ ਸੈਟਰ ਦੀ ਮੋਦੀ ਹਕੂਮਤ ਵੱਲੋ ਇਸ ਦਿਹਾੜੇ ਦੇ ਇਨਸਾਨੀਅਤ ਪੱਖੀ ਮਕਸਦ ਨੂੰ ਸੰਸਾਰ ਪੱਧਰ ਤੇ ਪ੍ਰਗਟਾਉਣ ਲਈ ਇੰਡੀਆ ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜਾਵਾਂ ਪੂਰੀਆਂ ਕਰ ਚੁੱਕੇ ਜ਼ਬਰੀ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਅਤੇ ਹੋਰਨਾਂ ਨੂੰ ਰਿਹਾਅ ਕਰਨ ਦੀ ਜੋਰਦਾਰ ਗੁਜਾਰਿਸ ਵੀ ਕੀਤੀ । ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਹੈ ਕਿ 1947 ਤੋਂ ਲੈਕੇ ਅੱਜ ਤੱਕ ਇੰਡੀਆ ਦਾ ਹੁਕਮਰਾਨ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨਾਲ ਹਰ ਖੇਤਰ ਵਿਚ ਵੱਡੇ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ ਕਰਦਾ ਆ ਰਿਹਾ ਹੈ । ਜਦੋਕਿ ਸਾਡੇ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੇ ਜ਼ਬਰ ਜੁਲਮ, ਬੇਇਨਸਾਫ਼ੀਆਂ ਵਿਰੁੱਧ ਬਿਨ੍ਹਾਂ ਕਿਸੇ ਡਰ-ਭੈ ਤੋ ਆਵਾਜ ਉਠਾਉਣ ਅਤੇ ਜਾਬਰ ਦਾ ਸਿੱਖੀ ਰਵਾਇਤਾ ਅਨੁਸਾਰ ਖਾਤਮਾ ਕਰਨ ਦਾ ਸੰਦੇਸ਼ ਦਿੱਤਾ ਹੈ । ਇਥੋ ਤੱਕ ਜੋ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਕਸਮੀਰ ਨੂੰ ਫਤਹਿ ਕਰਕੇ, ਫਿਰ 1834 ਵਿਚ ਲਦਾਖ ਨੂੰ ਫਤਹਿ ਕਰਕੇ ਆਪਣੇ ਖਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ, ਉਨ੍ਹਾਂ ਨੂੰ ਅੱਧਾ ਕਸਮੀਰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ ਅਤੇ ਲਦਾਖ ਦਾ ਵੱਡਾ ਇਲਾਕਾ ਚੀਨ ਦੇ ਸਪੁਰਦ ਕੀਤਾ ਹੋਇਆ ਹੈ । ਲੇਕਿਨ ਸਾਨੂੰ ਇੰਡੀਆ ਦੀ ਹੱਦਬੰਦੀ ਅੰਦਰ ਆਉਦੇ ਕਸ਼ਮੀਰ ਦੇ ਇਲਾਕੇ ਵਿਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਉਥੋ ਦੇ ਨਿਵਾਸੀਆ ਨਾਲ ਵਿਚਾਰ ਤਬਾਦਲਾ ਕਰਨ ਅਤੇ ਉਥੇ ਜਾਣ ਤੋ ਜ਼ਬਰੀ ਰੋਕ ਕੇ ਹਿੰਦ ਵਿਧਾਨ ਅਤੇ ਕੌਮਾਂਤਰੀ ਨਿਯਮਾਂ ਦਾ ਜਨਾਜ਼ਾਂ ਕੱਢਿਆ ਜਾ ਰਿਹਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਪਾਕਿਸਤਾਨ ਦੇ ਅਧੀਨ ਮਕਬੂਜਾ ਕਸ਼ਮੀਰ ਹੈ ਅਤੇ ਜੋ ਲਦਾਖ ਦਾ ਇਲਾਕਾ ਹੈ, ਜਿਸਦੀ ਮਲਕੀਅਤ ਸਿੱਖ ਕੌਮ ਹੈ, ਉਥੇ ਇੰਡੀਆਂ ਦੇ ਵਜ਼ੀਰ-ਏ-ਆਜਮ ਜਾਂ ਹੁਕਮਰਾਨ ਨਹੀ ਜਾ ਸਕਦੇ । ਲੇਕਿਨ ਸਾਨੂੰ ਇਨ੍ਹਾਂ ਆਪਣੇ ਇਲਾਕਿਆ ਵਿਚ ਦਾਖਲ ਹੋਣ ਤੋ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਢੰਗ ਨਾਲ ਰੋਕ ਕੇ ਹੁਕਮਰਾਨ ਸਿੱਖ ਕੌਮ ਅਤੇ ਸਮੁੱਚੇ ਸੰਸਾਰ ਨੂੰ ਖੁਦ ਹੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਦੀ ਗੱਲ ਨਹੀ ਕਰ ਰਿਹਾ ? ਉਨ੍ਹਾਂ ਕਿਹਾ ਕਿ ਜਿਸ ਅਣਖੀਲੀ ਅਤੇ ਵੱਖਰੀ ਕੌਮੀ ਪਹਿਚਾਣ ਲਈ ਅਤੇ ਮਨੁੱਖਤਾ ਪੱਖੀ ਸੰਦੇਸ਼ ਲਈ ਸਾਡੇ ਗੁਰੂ ਸਾਹਿਬਾਨ ਨੇ ਵੱਡੀਆ ਘਾਲਨਾਵਾ ਘੱਲੀਆ, ਉਸ ਲਈ ਸਿੱਖ ਕੌਮ ਵੱਲੋ ਅਤੇ ਸਾਡੇ ਵੱਲੋ ਕੀਤੇ ਜਾ ਰਹੇ ਜਮਹੂਰੀਅਤਮਈ ਸੰਘਰਸ਼ ਵਿਚ ਰੁਕਾਵਟਾ ਡਾਹਕੇ ਹੁਕਮਰਾਨ ਇਥੋ ਦੇ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਣ ਦੀ ਗੁਸਤਾਖੀ ਕਰ ਰਿਹਾ ਹੈ । ਜਦੋਕਿ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦਾ ਇਹ ਸੰਦੇਸ਼ ਹੈ ਕਿ ‘ਭੈ ਕਾਹੁ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’। ਫਿਰ ਸਿੱਖ ਕੌਮ ਨੂੰ ਗੈਰ ਵਿਧਾਨਿਕ ਢੰਗਾਂ ਰਾਹੀ ਦਬਾਉਣ ਅਤੇ ਆਪਣੀ ਆਜਾਦੀ ਦਾ ਜਮਹੂਰੀਅਤ ਢੰਗ ਨਾਲ ਪ੍ਰਗਟਾਵਾ ਕਰਨ ਜਾਂ ਬੇਇਨਸਾਫ਼ੀਆਂ ਵਿਰੁੱਧ ਆਵਾਜ ਬੁਲੰਦ ਕਰਨ ਤੋ ਜ਼ਬਰੀ ਕਿਉਂ ਰੋਕਿਆ ਜਾ ਰਿਹਾ ਹੈ ਅਤੇ ਸਾਨੂੰ ਇੰਡੀਆ ਦੇ ਵੱਖ-ਵੱਖ ਹਿੱਸਿਆ ਵਿਚ ਜਿਥੇ ਹਰ ਨਾਗਰਿਕ ਨੂੰ ਆਉਣ-ਜਾਣ ਵਿਚਰਣ ਦੀ ਵਿਧਾਨਿਕ ਆਜਾਦੀ ਹੈ, ਉਥੇ ਜ਼ਬਰੀ ਰੋਕ ਕੇ ਸਾਡੇ ਵਿਧਾਨਿਕ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਪੰਜਾਬ ਦੇ 50 ਕਿਲੋਮੀਟਰ ਦੇ ਖੇਤਰ ਵਿਚ ਬੀ.ਐਸ.ਐਫ. ਨੂੰ ਲਗਾਕੇ ਪੰਜਾਬ ਸੂਬੇ ਦੀ ਵਿਧਾਨਿਕ ਤੇ ਜਮਹੂਰੀ ਆਜਾਦੀ ਉਤੇ ਡਾਕਾ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ । ਜਦੋਕਿ ਬੀ.ਐਸ.ਐਫ. ਦੀ ਜਿ਼ੰਮੇਵਾਰੀ ਤਾਂ ਇੰਡੀਆਂ ਦੀਆਂ ਸਰਹੱਦਾਂ ਉਤੇ ਗੈਰ ਕਾਨੂੰਨੀ ਹੋਣ ਵਾਲੀਆ ਕਾਰਵਾਈਆ ਨੂੰ ਰੋਕਣਾ ਅਤੇ ਰੱਖਿਆ ਕਰਨਾ ਹੈ । ਫਿਰ ਇਸ ਬੀ.ਐਸ.ਐਫ. ਦੀ ਦੁਰਵਰਤੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਬਾਉਣ ਲਈ ਕਿਉਂ ਕੀਤੀ ਜਾ ਰਹੀ ਹੈ ? ਫਿਰ ਕਸ਼ਮੀਰ ਵਿਚ ਜਿਥੋ ਦੇ ਕਸ਼ਮੀਰੀ ਆਪਣੇ ਵਿਧਾਨਿਕ ਤੇ ਜਮਹੂਰੀ ਹੱਕਾਂ ਲਈ ਆਵਾਜ ਬੁਲੰਦ ਕਰ ਰਹੇ ਹਨ, ਉਸਦੀ ਖੁਦਮੁਖਤਿਆਰੀ ਨੂੰ ਰੱਦ ਕਰਨ ਉਪਰੰਤ ਉਥੇ ਫ਼ੌਜ, ਅਰਧ ਸੈਨਿਕ ਬਲਾਂ ਰਾਹੀ ਉਥੋ ਦੇ ਨਿਵਾਸੀਆ ਉਤੇ ਲੰਮੇ ਸਮੇ ਤੋ ਜ਼ਬਰ ਢਾਹਿਆ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਥੋ ਦੇ ਬਸਿੰਦਿਆ ਦੇ ਆਗੂਆਂ ਨਾਲ ਅਮਨਮਈ ਢੰਗ ਨਾਲ ਗੱਲਬਾਤ ਕਰਨ ਲਈ ਜਾ ਰਿਹਾ ਸੀ । ਜਿਸਨੂੰ ਜ਼ਬਰੀ ਰੋਕ ਕੇ ਇੰਡੀਆ ਦੇ ਹੁਕਮਰਾਨਾਂ ਨੇ ਖੁਦ ਹੀ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਆਂ ਤੇ ਸਿੱਖ ਕੌਮ ਨਾਲ ਸੰਬੰਧਤ ਪੰਜਾਬ ਅਤੇ ਕਸ਼ਮੀਰੀਆ ਨਾਲ ਸੰਬੰਧਤ ਜੰਮੂ ਕਸਮੀਰ ਵਿਚ ਵੱਖਰੇ ਕਾਨੂੰਨ ਹਨ ਅਤੇ ਬਾਕੀ ਇੰਡੀਆ ਵਿਚ ਵੱਖਰੇ ਕਾਨੂੰਨ ਤੇ ਨਿਯਮ ਹਨ । 1947 ਤੋਂ ਲੈਕੇ ਅੱਜ ਤੱਕ ਹੋ ਰਹੇ ਵਿਤਕਰੇ ਸਾਨੂੰ ਆਪਣੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੀ ਪ੍ਰਾਪਤੀ ਵੱਲ ਲਿਜਾ ਰਹੇ ਹਨ । ਜਿਸਨੂੰ ਸਿੱਖ ਕੌਮ ਜਮਹੂਰੀ ਪ੍ਰਣਾਲੀ ਰਾਹੀ ਹਰ ਕੀਮਤ ਤੇ ਪ੍ਰਾਪਤ ਕਰਕੇ ਰਹੇਗੀ ਅਤੇ ਇੰਡੀਆ ਦੇ ਹੁਕਮਰਾਨਾਂ ਦੀ ਗੁਲਾਮੀਅਤ ਅਤੇ ਹਿੰਦੂ ਰਾਸਟਰ ਦੇ ਜ਼ਬਰ ਨੂੰ ਕਤਈ ਪ੍ਰਵਾਨ ਨਹੀ ਕਰੇਗੀ ।

error: Content is protected !!