ਕੈਨੇਡਾ ਦੇ ਹਾਈ ਕਮਿਸ਼ਨਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ, 27 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਕੈਨੇਡਾ ਦੇ ਭਾਰਤ ਵਿਚ ਹਾਈ ਕਮਿਸ਼ਨਰ ਕੈਮਰੋਨ ਮੈਕੇਅ ਤੇ ਕੈਨੇਡਾ ਹਾਈ ਕਮਿਸ਼ਨ ਦੇ ਹੋਰ ਅਧਿਕਾਰੀ ਅੱਜ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਉਹਨਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਭੇਂਟ ਕਰ ਕੇ ਸਨਮਾਨਤ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਹਾਈ ਕਮਿਸ਼ਨਰ ਸ੍ਰੀ ਕੈਮੋਰੋਨ ਮੈਕੇਅ ਨੇ ਕਿਹਾ ਕਿ ਉਹਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਤੇ ਉਹ ਫਿਰ ਇਥੇ ਨਤਮਸਤਕ ਹੋਣ ਆਉਣਗੇ। ਉਹਨਾਂ ਇਹ ਵੀ ਕਿਹਾ ਕਿ ਕੈਨੇਡਾ ਵਿਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖ ਤੇ ਹੋਰ ਕੌਮਾਂ ਦੇ ਲੋਕ ਕੈਨੇਡਾ ਸਮਾਜ ਦਾ ਅਹਿਮ ਹਿੱਸਾ ਹਨ। ਉਹਨਾਂ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਦਾ ਹੈ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਾਈ ਕਮਿਸ਼ਨਰ ਸ੍ਰੀ ਕੈਮੋਰੋਨ ਮੈਕੇਅ ਨੂੰ ਅਸੀਂ ਗੁਰੂ ਸਾਹਿਬ ਦੇ ਇਤਿਹਾਸ, ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਉਹ ਕਾਫੀ ਪ੍ਰਭਾਵਤ ਹੋਏ ਹਨ।

