ਕੇਜਰੀਵਾਲ ਸਰਕਾਰ ਨੇ 1984 ਦੇ ਸਿੱਖ ਪੀੜਤਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ : ਦਿੱਲੀ ਗੁਰਦੁਆਰਾ ਕਮੇਟੀ
ਵਿਧਵਾ ਕਲੌਨੀ ਦੀਆਂ ਪੀੜਤਾਂ ਲਈ ਮਾਲਕਾਨਾਂ ਹੱਕਾਂ ਦਾ ਨਹੀਂ ਕੀਤਾ ਐਲਾਨ
ਨਵੀਂ ਦਿੱਲੀ, 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੀਆਂ ਪੀੜਤ ਵਿਧਵਾ ਔਰਤਾਂ ਦੀ ਕਲੌਨੀ ਦੇ ਮਾਲਕਾਨਾਂ ਹੱਕ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਅਜਿਹਾ ਨਾ ਕਰ ਕੇ ਕੇਜਰੀਵਾਲ ਸਰਕਾਰ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਅੱਜ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਤਿਲਕ ਵਿਹਾਰ ਵਿਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਜਿਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਹਨਾਂ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਇਹ ਐਲਾਨ ਕੀਤਾ ਜਾ ਰਿਹਾਸੀ ਕਿ ਅੱਜ ਦੇ ਸਮਾਗਮ ਵਿਚ ਮੁੱਖ ਮੰਤਰੀ ਕੇਜਰੀਵਾਲ ਆਪ ਜਾਂ ਫਿਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆ ਕੇ ਤਿਲਕ ਵਿਹਾਰ ਦੀ ਵਿਧਵਾ ਕਲੌਨੀ ਦੀਆਂ ਵਿਧਵਾਵਾਂ ਦੇ ਪਰਿਵਾਰਾਂ ਲਈ ਮਾਲਕਾਨਾਂ ਹੱਕ ਦੇਣ ਦਾ ਐਲਾਨ ਕਰਨਗੇ।
ਉਹਨਾਂ ਕਿਹਾ ਕਿ ਸਮਾਗਮ ਵਿਚ ਪਹੁੰਚੇ ਕੇਜਰੀਵਾਲ ਸਰਕਾਰ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਤੇ ਵਿਧਾਇਕ ਜਰਨੈਲ ਸਿੰਘ ਨੇ ਇਕ ਵਾਰ ਫਿਰ ਤੋਂ ਪੀੜਤਾਂ ਨਾਲ ਲਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਮਾਲਕਾਨਾਂ ਹੱਕ ਦੇਣ ਲਈ ਜਲਦੀ ਮੁੱਖ ਮੰਤਰੀ ਨਾਲ ਸਲਾਹ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਲਕਾਨਾਂ ਹੱਕ ਦੇਣ ਦਾ ਫੈਸਲਾ ਮਾਲ ਮੰਤਰੀ ਨੇ ਕਰਨਾ ਹੁੰਦਾਹੈ ਪਰ ਉਹ ਵੀ ਇਹੀ ਆਖਦੇ ਰਹੇ ਕਿ ਕੇਜਰੀਵਾਲ ਨਾਲ ਸਲਾਹ ਕਰਾਂਗੇ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਉਹਨਾਂ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਉਹਨਾਂ ਦੀ ਪੀੜਾ ਦਾ ਮਖੌਲ ਉਡਾਇਆ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅੱਜ ਸੰਗਤ ਬਹੁਤ ਆਸ ਨਾਲ ਉਥੇ ਬੈਠੀ ਸੀ ਕਿ ਅੱਜ ਐਲਾਨ ਹੋਵੇਗਾ ਪਰ ਅਜਿਹਾ ਨਾ ਹੋਣ ’ਤੇ ਸੰਗਤਾਂ ਵਿਚ ਰੋਸ ਫੈਲ ਗਿਆ।
ਉਹਨਾਂ ਕਿਹਾ ਕਿ ਇਹ ਵੀ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਕੇਜਰੀਵਾਲ ਨੇ ਇੰਦਰਾ ਗਾਂਧੀ ਦੀ ਬਰਸੀ ’ਤੇ ਤਾਂ ਨਮਨ ਕੀਤਾ ਪਰ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਨਹੀਂ ਕੀਤੀ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਦਾ ਦੋਗਲਾ ਚੇਹਰਾ ਲੋਕਾਂ ਸਾਹਮਣੇ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਜੋ ਅੱਜ ਕੇਜਰੀਵਾਲ ਸਰਕਾਰ ਨੇ ਕੀਤਾ ਹੈ, ਉਸਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਪੀੜਤਾਂ ਨਾਲ ਖੜ੍ਹੀ ਹੋਈ ਹੈ ਤੇ ਅੱਗੇ ਵੀ ਲੜੇਗੀ ਭਾਵੇਂ ਉਹ ਸੜਕਾਂ ’ਤੇ ਉਤਰ ਕੇ ਲੜਾਈ ਹੀ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਅਸੀਂ ਐਸੀ ਵਿਉਂਤਬੰਦੀ ਕਰਾਂਗੇ ਕਲੌਨੀ ਦੇ ਮਾਲਕਾਨਾਂ ਹੱਕ ਵੀ ਪੀੜਤ ਪਰਿਵਾਰਾਂ ਨੂੰ ਮਿਲਣ ਅਤੇ ਇਹਨਾਂ ਨੂੰ ਭੇਜੇ ਲੱਖਾਂ ਰੁਪਏ ਦੇ ਬਿਜਲੀ ਬਿੱਲ ਵੀ ਮੁਆਫ ਹੋਣ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਬਿਜਲੀ ਬਿੱਲਾਂ ਦਾ ਮਾਮਲਾ ਚੁੱਕਿਆਸੀ ਪਰ ਹੁਣ ਇਸਦਾ ਨਿਬੇੜਾ ਕਰਵਾ ਕੇ ਛੱਡਾਂਗੇ। ਉਹਨਾਂ ਵਿਧਾਇਕ ਜਰਨੈਲ ਸਿੰਘ ਦੀ ਵੀ ਨਿਖੇਧੀ ਕੀਤੀ ਕਿ ਤਿਲਕ ਵਿਹਾਰ ਦੇ ਲੋਕਾਂ ਨੇ ਤਿੰਨ ਵਾਰ ਉਹਨਾਂ ਨੂੰ ਚੁਣਿਆ ਹੈ ਪਰ ਉਹ ਅੱਜ ਤੱਕ ਪੀੜਤਾਂ ਨੂੰ ਮਾਲਕਾਨਾਂ ਹੱਕ ਨਹੀਂ ਦੁਆ ਸਕੇ ਜਿਸ ਕਾਰਨ ਹੀ ਅੱਜ ਭੜਕ ਕੇ ਪੀੜਤਾਂ ਨੇ ਮੰਤਰੀ ਤੇ ਉਹਨਾਂ ਦਾ ਘਿਰਾਓ ਕੀਤਾ।