ਬੇਅਦਬੀ ਦੇ ਦੋਸ਼ ‘ਚ ਜ਼ਮਾਨਤ ‘ਤੇ ਬਾਹਰ ਆਇਆ ਡੇਰਾ ਪ੍ਰੇਮੀ ਗੋਲ਼ੀਆਂ ਨਾਲ ਭੁੰਨ੍ਹਿਆ, ਗੋਲਡੀ ਬਰਾੜ ਨੇ ਪੋਸਟ ਪਾ ਕੇ ਕਿਹਾ ਇਨਸਾਫ ਲੈ ਲਿਆ ਅਸੀ ਬੇਅਦਬੀ ਦਾ…

ਬੇਅਦਬੀ ਦੇ ਦੋਸ਼ ‘ਚ ਜ਼ਮਾਨਤ ‘ਤੇ ਬਾਹਰ ਆਇਆ ਡੇਰਾ ਪ੍ਰੇਮੀ ਗੋਲ਼ੀਆਂ ਨਾਲ ਭੁੰਨ੍ਹਿਆ, ਗੋਲਡੀ ਬਰਾੜ ਨੇ ਪੋਸਟ ਪਾ ਕੇ ਕਿਹਾ ਇਨਸਾਫ ਲੈ ਲਿਆ ਅਸੀ ਬੇਅਦਬੀ ਦਾ…

ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ਵਿੱਚ ਅੱਜ ਸਵੇਰ ਦੇ ਸਮੇਂ 5 ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਇਕ ਡੇਰਾ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਮ੍ਰਿਤਕ ਡੇਰਾ ਪ੍ਰੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਇਸ ਸਮੇਂ ਉਹ ਜ਼ਮਾਨਤ ਉਪਰ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਉਹ ਸ਼ਹਿਰ ਵਿੱਚ ਡੇਅਰੀ ਦੀ ਦੁਕਾਨ ਕਰਦਾ ਸੀ ਅਤੇ ਇਹ ਹਮਲਾ ਉਸ ਉੱਪਰ ਉਸ ਸਮੇਂ ਹੋਇਆ ਜਦ ਉਹ ਡੇਅਰੀ ਖੋਲ਼੍ਹ ਰਿਹਾ ਸੀ। ਇਸ ਦੌਰਾਨ ਉਸ ਨੂੰ ਸੁਰੱਖਿਆ ਵਜੋਂ ਦਿੱਤਾ ਸਕਿਊਰਟੀ ਗਾਰਡ ਵੀ ਨਾਲ ਹੀ ਮੌਜੂਦ ਸੀ ਜੋ ਕਿ ਜ਼ਖਮੀ ਹੋ ਗਿਆ ਅਤੇ ਇਸ ਦੇ ਨਾਲ ਹੀ ਉਸ ਦੇ ਗੁਆਂਢ ਵਿੱਚ ਹੀ ਦੁਕਾਨ ਕਰਨ ਵਾਲਾ ਇਕ ਦੁਕਾਨਦਾਰ ਵੀ ਜ਼ਖਮੀ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਦੇ ਨਾਂ ‘ਤੇ ਸੋਸ਼ਲ ਮੀਡੀਆ ਪੋਸਟ ‘ਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਬੇਅਦਬੀ ਮਾਮਲੇ ‘ਚ ਇਨਸਾਫ ਨਹੀਂ ਮਿਲਿਆ, ਇਸ ਲਈ ਅਜਿਹਾ ਕਰਨਾ ਪਿਆ। ਬਦਮਾਸ਼ ਡੇਰਾ ਪ੍ਰੇਮੀ ਦਾ ਕਤਲ ਕਰਨ ਲਈ ਬਿਨਾਂ ਨੰਬਰ ਦੇ ਬਾਈਕ ‘ਤੇ ਆਏ ਸਨ। ਜਿਵੇਂ ਹੀ ਡੇਰਾ ਪ੍ਰੇਮੀ ਨੇ ਦੁਕਾਨ ਖੋਲ੍ਹੀ ਤਾਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਬੰਦੂਕਧਾਰੀ ਸਮੇਤ 3 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਦੀ ਹੱਤਿਆ ਬੇਅਦਬੀ ਮਾਮਲੇ ‘ਚ ਇਨਸਾਫ ਨਾ ਮਿਲਣ ਕਾਰਨ ਹੋਈ ਹੈ ਜਾਂ ਕੋਈ ਨਿੱਜੀ ਦੁਸ਼ਮਣੀ ਸੀ। ਪੁਲਿਸ ਸੀਸੀਟੀਵੀ ਕੈਮਰਿਆਂ ਰਾਹੀਂ ਕਾਤਲਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ- ਪੰਜਾਬ ਇੱਕ ਸ਼ਾਂਤੀ ਪਸੰਦ ਸੂਬਾ ਹੈ ਜਿੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੂਬੇ ‘ਚ ਸ਼ਾਂਤੀ ਬਣਾਈ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪੋਸਟ ਗੋਲਡੀ ਬਰਾੜ ਨੇ ਕੀਤੀ ਜਾਂ ਕਿਸੇ ਹੋਰ ਨੇ, ਪੰਜਾਬ ਪੁਲਿਸ ਦਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਕੇ ਚੌਕਸ ਕਰ ਦਿੱਤਾ ਹੈ।

error: Content is protected !!