ਯੂਪੀ-ਬਿਹਾਰ ‘ਚ ਹੋ ਰਹੇ ਅਪਰਾਧਾਂ ਦੇ ਮੁਕਾਬਲੇ ਤਾਂ ਪੰਜਾਬ ‘ਚ ਅਜੇ ਅਪਰਾਧ ਕੁਝ ਵੀ ਨਹੀਂ ਹੋਇਆ, ਮੁੱਖ ਮੰਤਰੀ ਮਾਨ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਕਹੀ ਇਹ ਗੱਲ…

ਯੂਪੀ-ਬਿਹਾਰ ‘ਚ ਹੋ ਰਹੇ ਅਪਰਾਧਾਂ ਦੇ ਮੁਕਾਬਲੇ ਤਾਂ ਪੰਜਾਬ ‘ਚ ਅਜੇ ਅਪਰਾਧ ਕੁਝ ਵੀ ਨਹੀਂ ਹੋਇਆ, ਮੁੱਖ ਮੰਤਰੀ ਮਾਨ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਕਹੀ ਇਹ ਗੱਲ…


ਜਗਰਾਓਂ (ਵੀਓਪੀ ਬਿਊਰੋ) ਪੰਜਾਬ ਵਿੱਚ ਅਪਰਾਧ ਇਸ ਸਮੇਂ ਸਿਖਰ ਉੱਪਰ ਹੈ ਅਤੇ ਹਰ ਰੋਜ਼ ਹੀ ਗੋਲ਼ੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਸੂਬੇ ਵਿੱਚ ਸੁਣਨ ਨੂੰ ਮਿਲ ਰਹੀਆਂ ਹਨ। ਪਰ ਇਸ ਸਭ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਬੇਫਿਕਰੇ ਹੋ ਕੇ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਜਿਸ ਸਮੇਂ ਪੰਜਾਬ ਵਿੱਚ ਅਪਰਾਧ ਯੂਪੀ-ਬਿਹਾਰ ਤੋਂ ਵੀ ਵੱਧ ਜਾਵੇਗਾ ਤਾਂ ਉਹ ਫਿਰ ਕਾਰਵਾਈ ਦੇ ਨਾਮ ਉੱਪਰ ਖਾਨਾਪੂਰਤੀ ਕਰਨ। ਅਜਿਹਾ ਅਸੀ ਨਹੀਂ ਕਹਿ ਰਹੇ, ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਤੋਂ ਹੀ ਲੱਗ ਰਿਹਾ ਹੈ। ਇਸੇ ਤਰਹਾਂ ਦਾ ਹੀ ਇਕ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਪਿੰਡ ਸਰਾਭਾ ਵਿਖੇ ਸ਼ਰਧਾਂਜਲੀ ਦੇਣ ਤੋਂ ਬਾਅਦ ਅਜਿਹਾ ਹੀ ਬਿਆਨ ਦੇ ਦਿੱਤਾ ਕਿ ਲੋਕਾਂ ਨੇ ਉਹਨਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਲੋਕ ਉਹਨਾਂ ਦਾ ਕਾਫੀ ਵਿਰੋਧ ਵੀ ਕਰ ਰਹੇ ਹਨ ਕਿ ਇੰਨੇ ਵੱਡੇ ਅਹੁਦੇ ਉੱਪਰ ਬੈਠ ਕੇ ਵੀ ਮੁੱਖ ਮੰਤਰੀ ਆਪਣੇ ਲੋਕਾਂ ਦੀ ਜਾਨ ਦੀ ਰਾਖੀ ਲਈ ਗੰਭੀਰ ਨਹੀਂ ਹਨ।


ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਪਿੰਡ ਸਰਾਭਾ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਦਿਨੀਂ ਵਾਪਰੇ ਵੱਡੇ-ਵੱਡੇ ਹੱਤਿਆਕਾਂਡਾਂ ਸਮੇਤ ਹਰ ਵੀ ਕਈ ਘਟਨਾਵਾਂ ਅਜੇ ਯੂਪੀ-ਬਿਹਾਰ ਵਰਗੇ ਸੂਬਿਆਂ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਸਿਰਫ ਢਿੰਡੋਰਾ ਪਿੱਟ ਰਹੇ ਹਨ ਅਤੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਯੂਪੀ-ਬਿਹਾਰ ਦਾ ਮੁਕਾਬਲਾ ਕਰੀਏ ਤਾਂ ਪੰਜਾਬ ਵਿੱਚ ਹੋ ਰਿਹਾ ਅਪਰਾਧ ਅਜੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸਰਕਾਰ ਵੱਲੋਂ ਪੁਰਾਣੇ ਬਣੇ ਹਥਿਆਰਾਂ ਦੇ ਲਾਇਸੈਂਸਾਂ ਦੀ ਪੁਣਛਾਣ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿਨ੍ਹਾਂ ਅਪਰਾਧਿਕ ਬਿਰਤੀ ਵਾਲੇ ਵਿਅਕਤੀਆਂ ਦੇ ਲਾਇਸੈਂਸ ਬਣੇ ਹੋਣਗੇ, ਨੂੰ ਰੱਦ ਕਰਨ ਦੇ ਨਾਲ-ਨਾਲ ਕਿਸ ਵੱਲੋਂ ਬਣਾਏ ਗਏ ਹਨ, ’ਤੇ ਵੀ ਕਾਰਵਾਈ ਹੋਵੇਗੀ।


ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭੜਕਾਊੁ ਗੀਤਾਂ ਅਤੇ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਵੀ ਤਾੜਨਾ ਦਿੱਤੀ ਤੇ ਕਿਹਾ ਕਿ ਉਹ ਸਮਾਜ ਨੂੰ ਸੇਧ ਦੇਣ ਵਾਲੇ ਹੀ ਗੀਤ ਗਾਉਣ। ਗਾਇਕ ਵੀ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤ ਗਾਉਣ ਲਈ ਅੱਗੇ ਆਉਣ, ਅਜੇ ਵੀ ਸਾਡੇ ਕੋਲ ਫੁੱਲਾਂ, ਫੁੱਲਕਾਰੀਆਂ, ਚਰਖਾ, ਰਾਂਝਿਆਂ ਤੇ ਸੋਹਣੀ ਦੇ ਗੀਤ ਹਨ ਜਿਨ੍ਹਾਂ ਨੂੰ ਗਾਉਣ ਨਾਲ ਜਿਥੇ ਸੱਭਿਆਚਾਰ ਪ੍ਰਫੁੱਲਿਤ ਹੁੰਦਾ ਹੈ, ਉਥੇ ਸੇਧ ਮਿਲਦੀ ਹੈ। ਇਸ ਦੌਰਾਨ ਜਦ ਮੁੱਖ ਮੰਤਰੀ ਨੂੰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਸਬੰਧੀ ਸਵਾਲ ਕੀਤਾ ਤਾਂ ਉਹ ਭੜਕ ਗਏ। ਉਨ੍ਹਾਂ ਕਿਹਾ ਕਿ ਅੱਜ ਦੇ ਮਹਾਨ ਦਿਨ ’ਤੇ ਮਜੀਠੀਏ ਵਰਗੇ ਦਾ ਨਾਮ ਤਕ ਨਾ ਲਓ ਜਿਨ੍ਹਾਂ ਜਵਾਨੀ ‘ਚਿੱਟੇ’ ਵਿਚ ਰੋਲ਼ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਵੀ ਜਵਾਬ ਨਾ ਦੇ ਕੇ ਚਲੇ ਗਏ।

error: Content is protected !!