ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਸਮੇਤ ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਨਵੀਂ ਦਿੱਲੀ, 5 ਅਪ੍ਰੈਲ (ਵੀਓਪੀ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਜੁਆਇੰਟ ਸਕੱਤਰ ਸ੍ਰੀ ਹਰਵਿੰਦਰ ਸਿੰਘ ਕੇ ਪੀ ਸਮੇਤ ਪਾਰਟੀ ਦੇ ਛੇ ਉਮੀਦਵਾਰਾਂ ਨੇ ਅੱਜ ਆਪੋ ਆਪਣੇ ਵਾਰਡ ਤੋਂ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰਾਂ ਕੋਲ ਦਾਖਲ ਕੀਤੇ।
ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਅਕਾਲ ਪੁਰਖ ਅੱਗੇ ਅਰਦਾਸ ਕਰ ਕੇ ਆਪਣੇ ਪਰਿਵਾਰ ਸਮੇਤ ਪੁੱਜ ਕੇ ਵਾਰਡ ਨੰਬਰ 9 ਪੰਜਾਬੀ ਬਾਗ ਦੇ ਰਿਟਰਨਿੰਗ ਅਫਸਰ ਕੋਲ 5 ਸ਼ਾਮਨਾਥ ਮਾਰਗ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਸ੍ਰੀ ਹਰਮੀਤ ਸਿੰਘ ਕਾਲਕਾ ਨੇ ਅੱਜ ਸਵੇਰੇ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ ਬਲਾਕ ਕਾਲਕਾ ਜੀ ਵਿਖੇ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਤੇ ਫਿਰ ਸਮਰਥਕਾਂ ਸਮੇਤ ਦਿੱਲੀ ਗੇਟ ਵਿਖੇ ਪਹੁੰਚ ਕੇ ਰਿਟਰਨਿੰਗ ਅਫਸਰਾਂ ਕੋਲ ਕਾਗਜ਼ ਦਾਖਲੇ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਗੁਰੂ ਘਰਾਂ ਦੀ ਸੇਵਾ ਇਕ ਵਾਰ ਫਿਰ ਤੋਂ ਸਾਡੀ ਝੋਲੀ ਪਵੇਗੀ ਤੇ ਅਸੀਂ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਸੰਗਤ ਦੀ ਸੇਵਾ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਾਰੀ ਡੋਰ ਗੁਰੂ ਸਾਹਿਬ ’ਤੇ ਛੱਡੀ ਹੈ ਤੇ ਉਸਨੇ ਹੀ ਹੁਣ ਤੱਕ ਇਥੇ ਪਹੁੰਚਾਇਆ ਹੈ ਤੇ ਅੱਗੇ ਵੀ ਮਿਹਰ ਭਰਿਆ ਹੱਥ ਰੱਖੇਗਾ।
ਇਸੇ ਤਰੀਕੇ ਕਮੇਟੀ ਦੇ ਜੁਆਇੰਟ ਸਕੱਤਰ ਸ੍ਰੀ ਹਰਵਿੰਦਰ ਸਿੰਘ ਕੇ ਪੀ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਨਾਲ ਆਪਣੇ ਵਾਰਡ ਨੰਬਰ 6 ਸ਼ਕਤੀ ਨਗਰ ਦੇ ਰਿਟਰਨਿੰਗ ਅਫਸਰ ਕੋਲ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕੀਤੇ।
ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਸਲਾਹਕਾਰ ਸ੍ਰੀ ਪਰਮਜੀਤ ਸਿੰਘ ਚੰਢੋਕ ਨੇ ਵਾਰਡ ਨੰਬਰ 13 ਰਾਜਿੰਦਰ ਨਗਰ ਤੋਂ ਆਪਣੇ ਪਰਿਵਾਰ ਦੇ ਸਮਰਥਕਾਂ ਸਮੇਤ ਪੂਸਾ ਵਿਖੇ ਰਿਟਰਨਿੰਗ ਅਫਸਰ ਕੋਲ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕੀਤੇ। ਇਸੇ ਤਰੀਕੇ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਸ੍ਰੀ ਜਗਦੀਪ ਸਿੰਘ ਕਾਹਲੋਂ ਨੇ ਵਾਰਡ ਨੰਬਰ 29 ਕ੍ਰਿਸ਼ਨਾ ਪਾਰਕ ਤੋਂ ਪਰਿਵਾਰ ਦੇ ਸਮਰਥਕਾਂ ਸਮੇਤ ਆਪਣੇ ਇਲਾਕੇ ਦੇ ਰਿਟਰਨਿੰਗ ਅਫਸਰ ਕੋਲ ਕਾਗਜ਼ ਦਾਖਲ ਕੀਤੇ।
ਇਸੇ ਤਰੀਕੇ ਪਾਰਟੀ ਉਮੀਦਵਾਰ ਅਮਰਜੀਤ ਸਿੰਘ ਪੱਪੂ ਨੇ ਵਾਰਡ ਨੰਬਰ 20 ਫਤਿਹ ਨਗਰ ਤੋਂ ਅਤੇ ਮਨਜੀਤ ਸਿੰਘ ਔਲਖ ਨੇ ਵਾਰਡ ਨੰ: 23 ਵਿਸ਼ਨੂ ਗਾਰਡਨ ਤੋਂ ਆਪਣੇ ਇਲਾਕੇ ਦੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।
ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਰਟੀ ਦੇ ਬਾਕੀ ਰਹਿੰਦੇ ਉਮੀਦਵਾਰ ਅਗਲੇ ਦੋ ਦਿਨਾਂ ਵਿਚ ਯਾਨੀ 6 ਅਤੇ 7 ਅਪ੍ਰੈਲ ਨੂੰ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦੇਣਗੇ। ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸੰਗਤਾਂ ਨੇ ਜਿਵੇਂ ਸਾਡਾ ਸਾਥ ਦਿੱਤਾ ਹੈ, ਇਸੇ ਤਰੀਕੇ ਅੱਗੇ ਵੀ ਸੇਵਾ ਸਾਡੀ ਝੋਲੀ ਪਾਉਣਗੀਆਂ।