ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਸਤੀਸ਼ ਕੌਲ ਦੀ ਹੋਈ ਲੁਧਿਆਣਾ ਵਿੱਚ ਮੌਤ
ਲੁਧਿਆਣਾ (ਵੀਓਪੀ ਬਿਊਰੋ) ਕਈ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਮੁੱਖ ਕਿਰਦਾਰ ਭੂਮਿਕਾ ਨਿਭਾ ਚੁੱਕੇ ਸਤੀਸ਼ ਕੌਲ ਦੀ ਲੁਧਿਆਣਾ ਦੇ ਦਰੇਸੀ ਵਿੱਚ ਸਥਿਤ ਰਾਮ ਚੈਰੀਟੇਬਲ ਹਸਪਤਾਲ ਵਿੱਚ ਅੱਜ ਮੌਤ ਹੋ ਗਈ ਹੈ | ਸਤੀਸ਼ ਕੌਲ ਨੇ ਪ੍ਰਸਿੱਧ ਸੀਰੀਅਲ ਮਹਾਂਭਾਰਤ ਦੇ ਵਿੱਚ ਵੀ ਕੰਮ ਕੀਤਾ ਸੀ | ਸਤੀਸ਼ ਕੌਲ ਆਪਣੇ ਉਮਰ ਦੇ ਅੰਤਮ ਪੜਾਅ ਵਿੱਚ ਇਕੱਲੇ ਹੀ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਸੱਤਿਆ ਨਾਂ ਦੀ ਮਹਿਲਾ ਕਾਫੀ ਲੰਮੇ ਸਮੇਂ ਤੋਂ ਕਰ ਰਹੀ ਸੀ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਮ ਚੈਰੀਟੇਬਲ ਹਸਪਤਾਲ ਦੀ ਡਾਕਟਰ ਸਰੁਚੀ ਨੇ ਦੱਸਿਆ ਕਿ ਬੀਤੀ ਅੱਠ ਅਪ੍ਰੈਲ ਨੂੰ ਉਨ੍ਹਾਂ ਨੂੰ ਰਾਮ ਚੈਰੀਟੇਬਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ | ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪੋਜ਼ੀਟਿਵ ਪਾਏ ਗਏ ਅਤੇ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਉਨ੍ਹਾਂ ਨੇ ਅੰਤਮ ਸਾਹ ਲਏ | ਉਨ੍ਹਾਂ ਦੀ ਉਮਰ 76 ਸਾਲ ਦੀ ਸੀ ਅਤੇ ਉਹ ਲੰਮੇ ਸਮੇਂ ਤੋਂ ਤੰਗੀ ਵਾਲੇ ਹਾਲਾਤਾਂ ਚੋਂ ਲੰਘ ਰਹੇ ਸਨ | ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਸੱਤਿਆ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ, ਪਰ ਉਹ ਕਾਫ਼ੀ ਤੰਗੀ ਦੇ ਹਾਲਾਤ ਚੋਂ ਲੰਘ ਰਹੇ ਸਨ |
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਂ ਕਲਾ ਜਗਤ ਦਾ ਕੋਈ ਵੀ ਅਦਾਕਾਰ ਉਨ੍ਹਾਂ ਦਾ ਹਾਲ ਜਾਨਣ ਲਈ ਨਹੀਂ ਆਇਆ | ਉੱਧਰ ਸੱਤਿਆ ਦੇਵੀ ਦੇ ਬੇਟੇ ਨੇ ਵੀ ਕਿਹਾ ਕਿ ਉਹ ਕੋਰੋਨਾ ਤੋਂ ਪੌਜ਼ੀਟਿਵ ਸਨ ਅਤੇ ਅੱਜ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ | ਸਤੀਸ਼ ਕੌਲ ਨੇ ਬੌਲੀਵੁੱਡ ਫ਼ਿਲਮ ਬੰਦ ਦਰਵਾਜ਼ਾ, ਸੱਸੀ ਪੁੰਨੂੰ, ਮਹਾਂਭਾਰਤ ਸਣੇ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਸਨ | ਉਨ੍ਹਾਂ ਨੇ ਬੌਲੀਵੁੱਡ ਅਦਾਕਾਰ ਦਿਲੀਪ ਕੁਮਾਰ ਤੇ ਦੇਵ ਆਨੰਦ ਅਤੇ ਸ਼ਾਹਰੁਖ ਖਾਨ ਵਰਗੇ ਅਦਾਕਾਰਾਂ ਨਾਲ ਵੀ ਕੰਮ ਕੀਤਾ ਸੀ |
ਉੱਧਰ ਦੂਜੇ ਪਾਸੇ ਉੱਘੇ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਸਤੀਸ਼ ਕੌਲ ਦੀ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਹੈ |