ਪੰਜਾਬ ਸਰਕਾਰ ਲੋਕਾਂ ਦੇ ਕੱਢਣ ਲੱਗੀ ਤਰਲੇ, ਕੋਰੋਨਾ ਮਰੀਜ਼ਾਂ ਤੋਂ ਮਦਦ ਦੀ ਕੀਤੀ ਮੰਗ



ਚੰਡੀਗੜ੍ਹ (ਵੀਓਪੀ ਬਿਊਰੋ) – ਕੋਵਿਡ ਦੀ ਮਹਾਂਮਾਰੀ ਨਾਲ ਲੜ ਰਹੇ ਪੰਜਾਬ ਦੇ ਸਾਹਮਣੇ ਹੁਣ ਪਲੱਸ ਆਕਸੀਮੀਟਰ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਮਨੁੱਖੀ ਸਰੀਰ ਵਿਚ ਆਕਸੀਜਨ ਦੀ ਮਾਤਰਾ ਨੂੰ ਮਾਪਣ ਲਈ ਆਕਸੀਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ ਜਿਹੜੇ ਕੋਰੋਨਾ ਮਰੀਜ਼ਾਂ ਨੂੰ ਮਿਸ਼ਨ ਫਤਹਿ ਕਿੱਟ ਦੇ ਤਹਿਤ ਆਕਸੀਮੀਟਰ ਦਿੱਤੇ ਸਨ ਉਹ ਵਾਪਸ ਲੈਣ ਦੀ ਮੰਗ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਲੋਕ ਆਪਣੇ ਆਕਸੀਮੀਟਰ ਸਰਕਾਰ ਨੂੰ ਵਾਪਸ ਕਰ ਦੇਣ ਕਿਉਂਕਿ ਇਹ ਆਕਸੀਮੀਟਰ ਸਰਕਾਰ ਨੇ ਨਵੇਂ ਕੋਰੋਨਾ ਮਰੀਜ਼ਾਂ ਨੂੰ ਸੈਨੇਟਾਈਜ਼ ਕਰਕੇ ਦੇਣੇ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੀ ਗੱਲ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਪੂਰੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਆਪਣੇ ਪੈਰ ਬਹੁਤ ਹੀ ਭਿਆਨਕ ਤਰੀਕੇ ਨਾਲ ਪਸਾਰ ਚੁੱਕੀ ਹੈ। ਇਸ ਲਈ ਆਕਸੀਮੀਟਰ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਤੇ ਹੁਣ ਬਾਜ਼ਾਰ ’ਚ ਵੀ ਇਹ ਮਿਲ ਨਹੀਂ ਰਿਹਾ। ਸਰਕਾਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਮੈਡੀਕਲ ਮਦਦ ਲਈ ਮੁਫ਼ਤ ‘ਫ਼ਤਿਹ ਕਿੱਟ’ ਦਿੰਦੀ ਹੈ ਜਿਸ ਵਿੱਚ ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ ਤੇ ਮਾਸਕ ਨਾਲ ਪਲੱਸ ਆਕਸੀਮੀਟਰ ਵੀ ਦਿੱਤੇ ਜਾਂਦੇ ਹਨ। ਸਿਹਤ ਮੰਤਰੀ ਨੇ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਆਕਸੀਮੀਟਰ ਵਾਪਸ ਕਰ ਦੇਣ ਤਾਂ ਜੋ ਨਵਾਂ ਮਰੀਜਾਂ ਨੂੰ ਠੀਕ ਕਰਨ ਵਿਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ।
ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਕੋਰੋਨਾ ਰੋਗੀਆਂ ਨੂੰ ‘ਫ਼ਤਿਹ ਕਿੱਟ’ ਵੰਡੀ ਜਾ ਚੁੱਕੀ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ‘ਫ਼ਤਿਹ ਕਿੱਟ’ ਮਿਲਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਨੂੰ ਇਹ ਕਿੱਟ ਕੁਝ ਦੇਰੀ ਨਾਲ ਉਪਲਬਧ ਕਰਵਾਈ ਜਾ ਰਹੀ ਹੈ। ਅਜਿਹੇ ਹਾਲਾਤ ’ਚ ਸਰਕਾਰ ਨੇ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨੂੰ ਲਾਗਲੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਜਮ੍ਹਾ ਕਰਵਾ ਦੇਣ। ਇਸ ਬਾਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।