ਸਪੀਡ ਰਿਕਾਰਡ ਦੇ ਨਾਮ ‘ਤੇ ਆਕਸੀਜਨ ਦੀ ਕਾਲਾਬਜ਼ਾਰੀ ਕਰਦਾ ਠੱਗ ਸਚਿਨ ਗਰੋਵਾਰ ਗ੍ਰਿਫ਼ਤਾਰ



ਕਈ ਵਾਰ ਕੁੜੀਆਂ ਤੋਂ ਅਸ਼ੀਲਲ ਫੋਟੋਆਂ ਦੀ ਵੀ ਕਰਦਾ ਸੀ ਮੰਗ
ਕਪੂਰਥਲਾ – ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਕਾਲਾਬਜ਼ਾਰੀ ਦੀਆਂ ਨਿਤ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਕ ਅਜਿਹੀ ਹੀ ਖ਼ਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ। ਸਚਿਨ ਗਰੋਵਰ ਨਾਂ ਦਾ ਬੰਦਾ ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡ ਦੇ ਨਾਮ ਉੱਤੇ ਆਕਸੀਜਨ ਦੀ ਕਾਲਾਬਜ਼ਾਰੀ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਉਪਰ ਪਹਿਲਾਂ ਵੀ ਕਈ ਕੇਸ ਦਰਜ ਹਨ। ਸਚਿਨ ਗਰੋਵਰ ਨਾਮ ਦਾ ਇਹ ਵਿਅਕਤੀ ਭੋਲ਼ੇ ਭਾਲ਼ੇ ਲੋਕਾਂ ਨੂੰ ਆਪਣੀ ਚਲਾਕੀ ਵਿਚ ਪਿਛਲੇ ਡੇਢ ਸਾਲ ਤੋਂ ਫਸਾਉਂਦਾ ਆ ਰਿਹਾ ਹੈ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਵਿਅਕਤੀ ਨੇ ਸਪੀਡ ਰਿਕਾਰਡ ਮਿਊਜਿਕ ਕੰਪਨੀ ਦੇ ਨਾਮ ਤੋਂ ਏਅਰਟੈਲ ਐਪ ਉਪਰ ਆਪਣਾ ਅਕਾਊਂਟ ਵੀ ਬਣਾਇਆ ਹੋਇਆ ਹੈ। ਇਸ ਸ਼ੈਤਾਨੀ ਵਿਚ ਸਚਿਨ ਨਾਲ ਇਕ ਕੁੜੀ ਵੀ ਕੰਮ ਕਰ ਰਹੀ ਹੈ।
ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਖ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਡੇਢ ਸਾਲ ਤੋਂ ਸਾਡੀ ਕੰਪਨੀ ਦੇ ਮੇਰੇ ਨਾਮ ਉੱਤੇ ਕਈ ਤਰ੍ਹਾਂ ਦੇ ਫਰਾਡ ਕਰਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਕਈ ਮੇਕਅੱਪ ਆਰਟਿਸਟਾਂ ਨੂੰ ਫੋਨ ਕਰਦਾ ਸੀ ਕਿ ਅੱਜ ਸੋਨਮ ਬਾਜਵਾ ਤੇ ਨੀਰੂ ਬਾਜਵਾ ਦਾ ਕਿਸੇ ਜਗ੍ਹਾ ਸ਼ੂਟ ਹੈ ਅਸੀਂ ਤੁਹਾਨੂੰ ਹਾਈਰ ਕੀਤਾ ਹੈ, ਇੰਨਾ ਕਹਿਣ ਤੋਂ ਬਾਅਦ ਉਤਸ਼ਾਹ ਵਿਚ ਆਏ ਮੇਕਅੱਪ ਆਰਟਿਸਟ ਸਚਿਨ ਗਰੋਵਰ ਦੇ ਅਕਾਊਂਟ ਵਿਚ ਪੈਸੇ ਪਾ ਦਿੰਦੇ ਸਨ ਤੇ ਬਾਅਦ ਵਿਚ ਇਹ ਵਿਅਕਤੀ ਉਹਨਾਂ ਆਰਟਿਸਟਾਂ ਦੇ ਫੋਨ ਨੰਬਰ ਬਲੌਕ ਕਰ ਦਿੰਦਾ ਸੀ।
ਦਿਨੇਸ਼ ਔਲਖ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਈ ਵਾਰ ਕੁੜੀਆਂ ਕੋਲੋਂ ਅਸ਼ਲੀਲ ਫੋਟੋਆਂ ਵੀ ਮੰਗਵਾਉਂਦਾ ਸੀ। ਔਲਖ ਨੇ ਦੱਸਿਆ ਕਿ ਅਸੀਂ ਕਈ ਵਾਰ ਸੀਪੀ ਸਾਹਿਬ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਸਾਡੇ ਨਾਮ ਉੱਤੇ ਇਹ ਵਿਅਕਤੀ ਗਲਤ ਕੰਮਾਂ ਨੂੰ ਅੰਜਾਮ ਦੇ ਰਿਹਾ ਹੈ।
ਔਲਖ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਵਿਅਕਤੀ ਸਪੀਡ ਰਿਕਾਰਡ ਦੇ ਨਾਮ ਉੱਤੇ ਲੋਕਾਂ ਨੂੰ ਫੋਨ ਕਰਕੇ ਕਹਿੰਦਾ ਸੀ ਕਿ ਸਾਡੇ ਕੋਲੋਂ 18000 ਹਜ਼ਾਰ ਦਾ ਆਕਸੀਜਨ ਸਿਲੰਡਰ ਤੇ ਕੋਰੋਨਾ ਦਾ ਟੀਕਾ ਖਰੀਦ ਸਕਦੇ ਹੋ। ਉਹਨਾਂ ਦੱਸਿਆ ਕਿ ਦਿੱਲੀ, ਮੋਹਾਲੀ ਤੇ ਜਲੰਧਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਪੁਲਿਸ ਨੇ ਇਸ ਦੀ ਲੁਕੇਸ਼ਨ ਟਰੇਸ ਕਰਕੇ ਅੱਜ ਇਸ ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੀੜਤ ਲੋਕਾਂ ਨੇ ਦੱਸਿਆ ਕਿ ਸਚਿਨ ਗਰੋਵਰ ਸਾਡੇ ਕੋਲੋਂ ਬ੍ਰਿਟਿਸ਼ ਪਾਸਪੋਰਟ ਬਣਾਉਣ ਦੇ ਨਾਮ ਉੱਤੇ ਠੱਗੀ ਮਾਰਦਾ ਸੀ। ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਨੇ ਲੱਖਾਂ ਪੈਸੇ ਇਕੱਠੇ ਲੈ ਕੇ ਕਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ।