ਭਾਜਪਾ ਨੇ ਆਸਾਮ ਤੇ ਪੁਡੂਚੇਰੀ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਝੰਡਾ ਲਹਿਰਾਇਆ : ਛੀਨਾ
ਅੰਮ੍ਰਿਤਸਰ ( ਰਿਧੀ ਭੰਡਾਰੀ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਸਾਮ ਅਤੇ ਪੁਡੂਚੇਰੀ ’ਚ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਖੁਸ਼ੀ ਜਾਹਰ ਕੀਤੀ। ਉਹਨਾਂ ਨੇ ਕਿਹਾ ਕਿ ਇਹ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਗਈਆਂ ਸੀ ਅਤੇ ਆਸਾਮ ਤੇ ਪੁਡੂਚੇਰੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਨੂੰ ਜਿੱਤਾ ਕੇ ਉਹਨਾਂ ਦੀ ਸੋਚ ਉੱਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੰਗਾਲ ’ਚ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਉਥੋਂ ਦੇ ਲੋਕਾਂ ਨੇ ਪਾਰਟੀ ਦੀ ਵਿਚਾਰਧਾਰਾ ਉੱਤੇ ਆਪਣਾ ਵਿਸ਼ਵਾਸ਼ ਜਤਾਇਆ ਹੈ ਤਾਂ ਹੀ ਪਾਰਟੀ ਦਾ ਮਤਦਾਤਾ ਪ੍ਰਤੀਸ਼ਤ ’ਚ ਭਾਰੀ ਵਾਧਾ ਹੋਇਆ ਹੈ। ਸਰਦਾਰ ਛੀਨਾ ਨੇ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਤੇ ਹੋਰ ਰਾਸ਼ਟਰੀ ਆਗੂਆਂ ਨੂੰ ਖਾਸ ਤੌਰ ’ਤੇ ਇਸ ਜਿੱਤ ’ਤੇ ਵਧਾਈ ਦਿੱਤੀ।
ਸਰਦਾਰ ਛੀਨਾ ਨੇ ਕਿਹਾ ਕਿ ਉਕਤ ਰਾਜ਼ਾਂ ਵਿਚ ਹੋਈ ਜਿੱਤ ਨੇ ਪਾਰਟੀ ’ਚ ਇਕ ਨਵਾਂ ਉਤਸ਼ਾਹ ਭਰਿਆ ਹੈ। ਭਾਰਤੀ ਜਨਤਾ ਪਾਰਟੀ ਵਿਕਾਸ, ਸ਼ਾਂਤੀ ਅਤੇ ਦੇਸ਼ ਦੀ ਏਕਤਾ, ਅਖੰਡਤਾ ਵਰਗੇ ਵਿਸ਼ਿਆਂ ’ਤੇ ਚੋਣ ਲੜਦੀ ਹੈ ਅਤੇ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਪਾਰਟੀ ਲਈ ਖੁਸ਼ੀ ਦਾ ਸਬੱਬ ਹੈ।
ਇਸ ਮੌਕੇ ਸ. ਛੀਨਾ ਨੇ ਇਹ ਵੀ ਕਿਹਾ ਕਿ ਚੋਣ ਨਤੀਜਿਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀ ਵੈਧਤਾ ’ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਿਕਾਸ ਦੇ ਮੁੱਦੇ ’ਤੇ ਰਾਜ ਦੀਆਂ ਚੋਣਾਂ ਲੜੀਆਂ ਅਤੇ ਲੋਕਾਂ ਨੇ ਮੋਦੀ ਅਤੇ ਸ਼ਾਹ ਦੀ ਅਗਵਾਈ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਸਮੂਹ ਹੋਰਨਾਂ ਸੀਨੀਅਰ ਨੇਤਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਅਤੇ ਰਾਜ ’ਚ ਭਾਜਪਾ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ।