ਪੁੱਤ ਦੀ ਮੌਤ ਦਾ ਨਹੀਂ ਮਿਲਿਆ ਮੁਆਵਜ਼ਾ, ਮਾਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਸ਼ਾਹਕੋਟ (ਵੀਓਪੀ ਬਿਊਰੋ) – ਕਿਸਾਨੀ ਅੰਦੋਲਨ ਤੋਂ ਵਾਪਸ ਆ ਰਹੇ 22 ਫਰਬਰੀ ਨੂੰ ਸੜਕ ਹਾਦਸੇ ਵਿਚ ਮਾਰੇ ਗਏ ਪਿੰਡ ਤਲਵੰਡੀ ਸੰਘੇੜਾ ਦੇ ਨੌਜਵਾਨ ਸੰਦੀਪ ਦੀ ਮਾਤਾ ਨੇ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਨਾ ਮਿਲਣ ਕਾਰਨ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਪਾਤ ਕਰ ਲਈ ਹੈ।
ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਗਠਨ ਸਕੱਤਰ ਕੁਲਦੀਪ ਰਾਏ ਦੀ ਪਤਨੀ ਵੀਨਾ ਰਾਣੀ (51) ਨੇ ਗਾਡਰ ਨਾਲ ਪੱਗ ਬੰਨ ਕੇ ਫਾਹਾ ਲਗਾ ਲਿਆ। 22 ਫਰਵਰੀ ਨੂੰ ਇਨ੍ਹਾਂ ਦਾ ਪੁੱਤਰ ਸੰਦੀਪ ਕੁਮਾਰ ਕਿਸਾਨ ਅੰਦੋਲਨ ਤੋਂ ਵਾਪਸ ਆਉਂਦੇ ਹੋਏ ਸ਼ਹੀਦ ਹੋ ਗਿਆ ਸੀ ਜਿਸਦਾ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਦੀ ਸਾਰ ਨਾ ਲਈ।
4 ਮਾਰਚ ਨੂੰ ਸੰਦੀਪ ਕੁਮਾਰ ਦੀ ਅੰਤਿਮ ਅਰਦਾਸ ‘ਤੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਮੁਆਵਜ਼ੇ ਦੀ ਰਕਮ ਲੈ ਕੇ ਨਹੀਂ ਪੁੱਜਿਆ ਸੀ ਜਦ ਕਿ ਸਾਰੇ ਪੰਜਾਬ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਨਾਲੋ ਨਾਲ ਮੁਆਵਜ਼ੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਇਹ ਐਲਾਨ ਕੀਤਾ ਸੀ ਕਿ ਕੋਈ ਮੰਤਰੀ ਨਹੀਂ ਬਲਕਿ ਸਰਕਾਰੀ ਅਧਿਕਾਰੀ ਮੁਆਵਜ਼ੇ ਦੀ ਰਕਮ ਲੈ ਕੇ ਆਵੇ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਮੁਆਵਜ਼ੇ ਦੀ ਰਕਮ ਲੈ ਕੇ ਨਹੀਂ ਪੁੱਜਿਆ।
ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਤੋਂ ਪਰੇਸ਼ਾਨ ਹੋ ਕੇ ਬੀਤੀ ਰਾਤ ਵੀਨਾ ਰਾਣੀ ਨੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕਰਦੀ ਹੈ ਨਹੀਂ ਤਾਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵੀਨਾ ਰਾਣੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਜਿਸ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।