ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ’ਚ ਲਾਕਡਾਊਨ ਪਾਬੰਦੀਆਂ ਨੂੰ ਇਨੇ ਦਿਨਾਂ ਲਈ ਹੋਰ ਵਧਾਇਆ
ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸ ਦੌਰਾਨ ਲਿਆ ਗਿਆ ਇਹ ਫ਼ੈਸਲਾ – ਡਿਪਟੀ ਕਮਿਸ਼ਨਰ
ਜਲੰਧਰ (ਵੀਓਪੀ ਬਿਊਰੋ ) ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜ਼ਰ ਜਲੰਧਰ ਜ਼ਿਲ੍ਹੇ ਵਿੱਚ ਲਾਕਡਾਊਨ ਪਾਬੰਦੀਆਂ ਵਿੱਚ ਇਕ ਹੋਰ ਹਫ਼ਤੇ ਲਈ ਵਾਧਾ ਕੀਤਾ ਗਿਆ ਹੈ,। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਇਹ ਪਾਬੰਦੀਆਂ 21 ਮਈ 2021 ਤੱਕ ਲਾਗੂ ਰਹਿਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਫ਼ੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਦੌਰਾਨ ਵਿਸਥਾਰ ਨਾਲ ਹੋਏ ਵਿਚਾਰ ਵਟਾਂਦਰੇ ਉਪਰੰਤ ਜ਼ਿਲ੍ਹੇ ਵਿੱਚ ਮੌਜੂਦਾ ਸਥਿਤੀ ਨੂੰ ਦੇਖਦਿਆਂ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਗਤੀਵਿਧੀਆਂ ਅਤੇ ਜਰੂਰੀ ਤੇ ਗੈਰ ਜਰੂਰੀ ਦੁਕਾਨਾਂ ਚਲਾਉਣ ’ਤੇ ਪਾਬੰਦੀਆਂ 7 ਮਈ 2021 ਤੋਂ ਲਾਗੂ ਕੀਤੀਆਂ ਗਈਆ ਹਨ, ਜਿਨਾਂ ਨੂੰ ਅਗਲੇ ਸੱਤ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨੂੰ ਜ਼ਿਲ੍ਹੇ ਵਿੱਚ ਕੋਵਿਡ-19 ਸਬੰਧੀ ਤਾਜ਼ਾ ਸਥਿਤੀ ਤੋਂ ਇਲਾਵਾ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਹੋਰ ਇਕ ਹਫ਼ਤੇ ਤੱਕ ਜਾਰੀ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਲਾਕਡਾਊਨ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀ ਪ੍ਰਸ਼ਾਸਨ ਪਾਸੋਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 0181-2224417 ’ਤੇ ਸੰਪਰਕ ਕਰ ਸਕਦੇ ਹਨ।