ਸੀਬੀਐਸਈ 12ਵੀਂ ਦੀ ਪ੍ਰੀਖਿਆ ਹੋ ਸਕਦੀ ਹੈ ਰੱਦ! ਅੱਜ ਆਵੇਗਾ ਫ਼ੈਸਲਾ
ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਕਰਕੇ ਪਿਛਲੇ 3 ਤਿੰਨ ਤੋਂ ਸਕੂਲ ਦੁਬਾਰਾ ਬੰਦ ਹੋ ਗਏ ਹਨ। 8 ਤੇ ਦਸਵੀਂ ਕਲਾਸ ਦੇ ਬੱਚੇ ਪ੍ਰਮੋਟ ਹੋ ਚੁੱਕੇ ਹਨ। 12ਵੀਂ ਕਲਾਸ ਦੇ ਬੱਚਿਆਂ ਦੇ ਪੇਪਰਾਂ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਹੁਣ ਸੀਬੀਐਸਈ ਕਲਾਸ 12 ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਵੱਡੀ ਮੰਗ ਦੇ ਵਿਚਾਲੇ, ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਵੱਲੋਂ ਅੱਜ (17 ਮਈ, 2021) ਇਸ ਮੁੱਦੇ ‘ਤੇ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਸਿੱਖਿਆ ਮੰਤਰੀ ਦੀ ਸਵੇਰੇ 11 ਵਜੇ ਰਾਜ ਦੇ ਸਿੱਖਿਆ ਸਕੱਤਰਾਂ ਨਾਲ ਅਹਿਮ ਬੈਠਕ ਹੋਣ ਵਾਲੀ ਹੈ। ਰਮੇਸ਼ ਪੋਖਰਿਆਲ ਨੇ ਟਵੀਟ ਰਾਹੀਂ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਲਿਖਿਆ ਕਿ “ਬੈਠਕ ਦਾ ਉਦੇਸ਼ ਕੋਵਿਡ -19 ਸਥਿਤੀ, ਆਨਲਾਈਨ ਸਿੱਖਿਆ, ਅਤੇ ਨਵੀਂ ਸਿੱਖਿਆ ਨੀਤੀ (ਐਨਈਪੀ) “ਤੇ ਕੰਮ ਕਰਨਾ ਹੈ।”
ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਸਿੱਖਿਆ ਮੰਤਰਾਲੇ ਨੇ ਦੇਸ਼ ਦੀ ਕੋਵਿਡ -19 ਸਥਿਤੀ ਕਾਰਨ 10ਵੀਂ ਦੀ ਸੀਬੀਐਸਈ ਬੋਰਡ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਅਤੇ ਸੀਬੀਐਸਈ ਬੋਰਡ ਦੀ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ। ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣੀਆਂ ਸਨ।
ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਖਰਿਆਲ ਨਾਲ ਮੁਲਾਕਾਤ ਦੌਰਾਨ ਲਿਆ ਗਿਆ ਸੀ। ਇੱਕ ਪ੍ਰੈਸ ਨੋਟ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਸੀ ਕਿ ਵਿਦਿਆਰਥੀਆਂ ਦੀ ਤੰਦਰੁਸਤੀ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਿੱਖਿਆ ਮੰਤਰਾਲੇ ਨੇ ਕਿਹਾ ਸੀ ਕਿ “ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ, ਬੋਰਡ ਵੱਲੋਂ 1 ਜੂਨ ਨੂੰ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ ਤੇ ਬਾਅਦ ਵਿਚ ਵੇਰਵੇ ਸਾਂਝੇ ਕੀਤੇ ਜਾਣਗੇ। ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਘੱਟੋ ਘੱਟ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ”। ਹਾਲਾਂਕਿ, ਭਾਰਤ ਵਿੱਚ ਮੌਜੂਦਾ ਕੋਰੋਨਾਵਾਇਰਸ ਸਥਿਤੀ ਦੇ ਮੱਦੇਨਜ਼ਰ, ਲੱਖਾਂ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਸੀਬੀਐਸਈ ਕਲਾਸ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।