ਹੁਣ ਨਹੀਂ ਲੱਭੇਗਾ ਕਮਲੇਸ਼ ਬੀਬੀ ਦੇ ਪਰੋਂਠਿਆਂ ਦਾ ਸਵਾਦ, ਬੀਬੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਜਲੰਧਰ (ਵੀਓਪੀ ਬਿਊਰੋ) – ਪਿਛਲੇ ਸਾਲ ਸੋਸ਼ਲ ਮੀਡੀਆ ਉਪਰ ਇਕ ਬੀਬੀ ਦੀ ਵੀਡੀਓ ਵਾਇਰਲ ਹੋਈ ਸੀ, ਜੋ ਫਗਵਾੜਾ ਗੇਟ ਕੋਲ ਪਰਾਂਠੇ ਬਣਾਉਂਦੀ ਸੀ। ਲੋਕਾਂ ਵਲੋਂ ਬੀਬੀ ਦੇ ਪਰੋਂਠੇ ਬਹੁਤ ਹੀ ਪਸੰਦ ਕੀਤੇ ਜਾਂਦੇ ਸਨ। ਪਰ ਹੁਣ ਉਦਾਸ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਐਤਵਾਰ ਨੂੰ ਬੀਬੀ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਇਹ ਬੀਬੀ ਤੜਕੇ ਦੇ ਤਿੰਨ ਵਜੇ ਤੱਕ ਪਰੋਂਠੇ ਬਣਾਉਂਦੀ ਰਹਿੰਦੀ ਸੀ। ਮਾਡਲ ਟਾਊਨ ਦੇ ਨੇੜੇ ਪ੍ਰਕਾਸ਼ ਨਗਰ ਦੀ ਰਹਿਣ ਵਾਲੀ 71 ਸਾਲਾਂ ਕਮਲੇਸ਼ ਬੀਬੀ ਦੇ ਹੱਥਾਂ ਦੇ ਪਰੋਂਠੇ ਹੁਣ ਨਹੀਂ ਲੱਭਣਗੇ।
ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕਣ ਹੋਣ ਦੇ ਬਾਵਜੂਦ ਕਮਲੇਸ਼ ਰਾਣੀ ਇਹ ਕੰਮ ਸ਼ੌਕੀਆ ਤੌਰ ’ਤੇ ਕਰਦੀ ਸੀ। ਕੰਮ ਦਾ ਜ਼ਨੂੰਨ ਇੰਨਾ ਸੀ ਕਿ ਕਿਸੇ ਵੀ ਹਾਲਾਤ ’ਚ ਉਨ੍ਹਾਂ ਨੇ ਕੰਮ ਤੋਂ ਛੁੱਟੀ ਨਹੀਂ ਕੀਤੀ। ਰੋਜ਼ਾਨਾ ਸਾਈਕਲ ’ਤੇ ਸਾਮਾਨ ਲੈ ਕੇ ਆਉਣ ਵਾਲੀ ਕਮਲੇਸ਼ ਰਾਣੀ ਦਾ ਇੰਤਜ਼ਾਰ ਕਰਨ ਵਾਲੇ ਸਮੇਂ ਤੋਂ ਪਹਿਲਾਂ ਹੀ ਮੰਡਰਾਉਣ ਲੱਗ ਪੈਂਦੇ ਸੀ। ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ ਹੈ। ਦੱਸ ਦਈਏ ਕਿ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਡੀਓ ਸੁਰਖੀਆਂ ’ਚ ਆਉਣ ਤੋਂ ਬਾਅਦ ਬੇਬੇ ਲਈ ਡੇਢ ਲੱਖ ਰੁਪਏ ਜਾਰੀ ਕੀਤੇ ਸੀ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ ਗੁਲਾਟੀ ਨੇ ਵੀ ਬੇਬੇ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਕਰਨ ਲਈ ਕਿਹਾ ਸੀ।
ਮਨੀਸ਼ ਗੁਲਾਟੀ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ 7 ਨਵੰਬਰ ਤੇ ਫਿਰ 10 ਨਵੰਬਰ, 2020 ਨੂੰ 50,000 ਤੇ 10,000 ਰੁਪਏ ਦਾ ਚੈੱਕ ਉਨ੍ਹਾਂ ਦੇ ਘਰ ਜਾ ਕੇ ਦਿੱਤਾ ਸੀ।