ਜਲੰਧਰ ਦੀ ਸਿਆਸਤ ‘ਚ ਵੱਡਾ ਧਮਾਕਾ ਕਰ ਸਕਦੀ ਹੈ ਆਪ, ਕਈ ਟਕਸਾਲੀ ਕਾਂਗਰਸੀਆ ਨਾਲ ਹੋ ਚੁੱਕੀ ਮੀਟਿੰਗ
ਜਲੰਧਰ (ਰੰਗਪੁਰੀ) – 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦਰਮਿਆਨ ਫੇਰ ਬਦਲ ਵੀ ਚੱਲ ਰਿਹਾ ਹੈ। ਹੁਣ ਜਲੰਧਰ ਤੋਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਵਿਚ ਆਮ ਆਦਮੀ ਪਾਰਟੀ ਇਕ ਵੱਡਾ ਧਮਾਕਾ ਕਰਨ ਜਾ ਰਹੀ ਹੈ। ਕਨਸੋਅ ਇਹ ਮਿਲ ਰਹੀ ਹੈ ਕਿ ਇਕ ਕਾਂਗਰਸੀ ਦੇ ਨਿੱਜੀ ਸਥਾਨ ਤੇ ਗੁਪਤ ਮੀਟਿੰਗ ਹੋਈ ਸੀ ਜਿਸ ਵਿਚ ਜਲੰਧਰ ਤੋਂ ਐਮ.ਪੀ ਦੀ ਚੋਣ ਲੜ ਚੁੱਕੇ ਟਕਸਾਲੀ ਕਾਂਗਰਸੀ ਤੇ ਜਲੰਧਰ ਵੈਸਟ ਤੋਂ ਧਾਕੜ ਨੇਤਾ ਦੀਆਂ ਆਪ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਚੱਲੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਸਾਬਕਾ ਵਿਧਾਇਕ ਤੇ ਐਮ.ਪੀ ਦੀ ਚੋਣ ਲੜ ਚੁੱਕੇ ਨੇਤਾ ਦੀ ਇਕ ਮਹੀਨਾ ਪਹਿਲਾਂ ਦਿੱਲੀ ਤੋਂ ਆਏ ਆਪ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਜਲੰਧਰ ਦੇ ਵਿਚ ਮੀਟਿੰਗ ਹੋਈ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਕਿਸੇ ਹੋਰ ਨੇ ਨਹੀਂ ਬਲਕਿ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਨਿਗਰਾਨੀ ਹੇਠ ਹੋਈ ਹੈ। ਸੂਚਨਾ ਮਿਲੀ ਹੈ ਕਿ ਸਭ ਤੋਂ ਪਹਿਲਾਂ ਟਕਸਾਲੀ ਕਾਂਗਰਸੀ ਜਿਹੜਾ ਐਮ.ਪੀ ਦੀ ਚੋਣ ਲੜ ਚੁੱਕਿਆ ਹੈ ਉਹ ਆਪ ਵਿਚ ਸ਼ਾਮਲ ਹੋਏਗਾ ਤੇ ਉਸ ਤੋਂ ਕੁਝ ਸਮੇਂ ਬਾਅਦ ਸਾਬਕਾ ਵਿਧਾਇਕ ਵੀ ਆਪ ਜੁਆਇੰਨ ਕਰ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵੈਸਟ ਹਲਕੇ ਦੇ ਇਕ ਵੱਡੇ ਲੀਡਰ ਅਤੇ ਕੁਝ ਕੌਂਸਲਰ ਵੀ ਆਪ ਨਾਲ ਮੀਟਿੰਗ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕੌਂਸਲਰਾਂ ਨੇ ਆਪ ਦੇ ਅੱਗੇ ਆਪਣੀ ਛਵੀਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਜਿਸ ਤਰ੍ਹਾਂ ਕਿ ਉਹਨਾਂ ਕੋਲ ਕਾਫ਼ੀ ਵੱਡਾ ਵੋਟ ਬੈਂਕ ਹੈ। ਆਮ ਆਦਮੀ ਪਾਰਟੀ ਉਨ੍ਹਾਂ ਬਾਰੇ ਸਰਵੇਖਣ ਕਰ ਰਹੀ ਹੈ ਅਤੇ ਜਲਦ ਹੀ ਇਹ ਖ਼ਬਰ ਜਨਤਕ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ।
ਪੰਜਾਬ ਕਾਂਗਰਸ ਪਹਿਲਾਂ ਹੀ ਖੇਰੂ-ਖੇਰੂ ਹੋਈ ਪਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਉਹਨਾਂ ਦੇ ਵਿਧਾਇਕ ਤਿੱਖੇ ਤੇਵਰ ਕਰੀ ਫਿਰ ਰਹੇ ਹਨ। ਗੱਲ ਹਾਈਕਮਾਨ ਤੱਕ ਪਹੁੰਚ ਚੁੱਕੀ ਹੈ ਪਰ ਅਜੇ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਦੋਂ ਅਸੀਂ ਜਲੰਧਰ ਨੂੰ ਦੇਖਦੇ ਹਾਂ ਤਾਂ ਜਲੰਧਰ ਵਿਚ ਕਾਂਗਰਸ ਦਾ ਪੱਲੜਾ ਹਲਕਾ ਨਜ਼ਰ ਆ ਰਿਹਾ ਹੈ ਜੇਕਰ ਟਕਸਾਲੀ ਕਾਂਗਰਸੀ ਆਪ ਵਿਚ ਸ਼ਾਮਲ ਹੁੰਦੇ ਹਨ ਤਾਂ ਕਾਂਗਰਸ ਦਾ ਜਲੰਧਰ ਵਿਚੋਂ ਸੀਟਾਂ ਜਿੱਤਣਾ ਮੁਸ਼ਕਿਲ ਹੋ ਜਾਵੇਗਾ।
? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441