ਰਾਜ ਸਭਾ ਜਾਣਗੇ ਮਸ਼ਹੂਰ ਅਦਾਕਾਰ ਕਮਲ ਹਸਨ, ਤਾਮਿਲ ਨੂੰ ਕਹਿੰਦੇ ਨੇ ਉੱਤਮ ਭਾਸ਼ਾ
ਚੇਨਈ (ਵੀਓਪੀ ਬਿਊਰੋ) ਤਾਮਿਲਨਾਡੂ ’ਚ ਸੱਤਾਧਾਰੀ ਡੀ.ਐੱਮ.ਕੇ. ਦੀ ਸਹਿਯੋਗੀ ਪਾਰਟੀ ਮੱਕਲ ਨਿਧੀ ਮੱਯਮ ਨੇ ਬੁੱਧਵਾਰ ਨੂੰ ਰਾਜ ਸਭਾ ਲਈ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣੇ ਪ੍ਰਧਾਨ ਕਮਲ ਹਾਸਨ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ।

70 ਸਾਲ ਦੇ ਕਮਲ ਹਾਸਨ ਪਹਿਲੀ ਵਾਰ ਉੱਚ ਸਦਨ ਦੇ ਮੈਂਬਰ ਬਣਨ ਜਾ ਰਹੇ ਹਨ ਕਿਉਂਕਿ ਡੀ.ਐੱਮ.ਕੇ. ਅਪਣੇ ਸਹਿਯੋਗੀਆਂ ਨਾਲ ਮਿਲ ਕੇ ਆਸਾਨੀ ਨਾਲ ਉਨ੍ਹਾਂ ਨੂੰ ਅਤੇ ਤਿੰਨ ਹੋਰਾਂ ਨੂੰ ਵੀ ਚੁਣ ਸਕਦੀ ਹੈ। ਡੀ.ਐੱਮ.ਕੇ. ਵਲੋਂ ਅਦਾਕਾਰ-ਸਿਆਸਤਦਾਨ ਦੀ ਅਗਵਾਈ ਵਾਲੀ ਐੱਮ.ਐੱਨ.ਐੱਮ. ਨੂੰ ਰਾਜ ਸਭਾ ਸੀਟ ਅਲਾਟ ਕਰਨ ਦੇ ਐਲਾਨ ਤੋਂ ਤੁਰਤ ਬਾਅਦ ਐੱਮ.ਐੱਨ.ਐੱਮ. ਨੇ ਅਪਣੇ ਉਮੀਦਵਾਰ ਦਾ ਐਲਾਨ ਕੀਤਾ।

ਐੱਮ.ਐੱਨ.ਐੱਮ. ਦੀ ਗਵਰਨਿੰਗ ਕੌਂਸਲ ਅਤੇ ਪ੍ਰਬੰਧਕੀ ਕਮੇਟੀ ਨੇ ਪਾਰਟੀ ਦੇ ਜਨਰਲ ਸਕੱਤਰ ਏ. ਅਰੁਣਾਚਲਮ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਮੁਖੀ ਹਾਸਨ ਨੂੰ ਉੱਚ ਸਦਨ ਲਈ ਅਪਣਾ ਉਮੀਦਵਾਰ ਬਣਾਇਆ ਅਤੇ ਸਹਿਯੋਗੀਆਂ ਤੋਂ ਰਸਮੀ ਤੌਰ ’ਤੇ ਸਮਰਥਨ ਦੀ ਬੇਨਤੀ ਕੀਤੀ।

ਉੱਪ ਮੁੱਖ ਮੰਤਰੀ ਉਧਯਾਨਿਧੀ ਸਟਾਲਿਨ ਨੇ ਹਾਸਨ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਤਾਮਿਲਨਾਡੂ ਦੇ ਅਧਿਕਾਰਾਂ, ਸੰਵਿਧਾਨ ਅਤੇ ਦੇਸ਼ ਦੇ ਬਹੁਲਵਾਦ ਦੀ ਰੱਖਿਆ ਲਈ ਐਮ.ਐਨ.ਐਮ. ਦੇ ਚੋਟੀ ਦੇ ਨੇਤਾ ਦੀ ਆਵਾਜ਼ ਰਾਜ ਸਭਾ ’ਚ ਗੂੰਜੇਗੀ। ਹਾਸਨ ਨੇ ਉਧਯਾਨਿਧੀ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।


