ਸਾਬਕਾ ਫੌਜੀ ਦੇ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਗਰਮਾਇਆ, ਇਨਸਾਫ ਦੀ ਲਗਾਈ ਗੁਹਾਰ

ਸਾਬਕਾ ਫੌਜੀ ਦੇ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਗਰਮਾਇਆ, ਇਨਸਾਫ ਦੀ ਲਗਾਈ ਗੁਹਾਰ

1965 ਤੋਂ ਰਹਿ ਰਹੇ ਘਰ ‘ਤੇ ਕਬਜ਼ੇ ਦੇ ਦੋਸ਼, ਪਰਿਵਾਰ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲਗਾਏ ਇਲਜ਼ਾਮ

ਸਟੇ ਆਰਡਰ ਦੇ ਬਾਵਜੂਦ ਕੰਧ ਬਣਾਉਣ ਦੀ ਕੋਸ਼ਿਸ਼, ਪੀੜਤ ਪਰਿਵਾਰ ਨੇ ਕੀਤੀ ਕਾਰਵਾਈ ਦੀ ਮੰਗ

ਸੈਨਿਕ ਸੰਸਥਾਵਾਂ ਨੇ ਦਿੱਤੀ ਚੇਤਾਵਨੀ, “15 ਦਿਨਾਂ ਵਿੱਚ ਇਨਸਾਫ ਨਾ ਮਿਲਿਆ ਤਾਂ ਹੋਵੇਗਾ ਸੰਘਰਸ਼”

ਪੰਜਾਬ ਦੇ ਮਜੀਠਾ ਇਲਾਕੇ ਦੇ ਇੱਕ ਪਿੰਡ ਵਿੱਚ ਸਾਬਕਾ ਫੌਜੀ ਦੇ ਪਰਿਵਾਰ ਨਾਲ ਹੋਏ ਵਿਵਾਦ ਨੇ ਹੁਣ ਤੂਲ ਫੜ ਲਿਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦਾ ਪੁਰਾਣਾ ਰਹਾਇਸ਼ੀ ਘਰ ਜਬਰਦਸਤੀ ਢਾਹ ਦਿੱਤਾ ਗਿਆ ਅਤੇ ਹੁਣ ਵੀ ਉਨ੍ਹਾਂ ਦੀ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ‘ਤੇ ਵੀ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਪੀੜਤ ਮਹਿਲਾ ਸੁਰਜੀਤ ਕੌਰ, ਜੋ ਕਿ ਮ੍ਰਿਤਕ ਸਾਬਕਾ ਫੌਜੀ ਦੀ ਧਰਮਪਤਨੀ ਹਨ, ਨੇ ਦੱਸਿਆ ਕਿ ਉਹਨਾਂ ਦੇ ਪਤੀ ਨੇ 1965 ਵਿੱਚ ਇਹ ਘਰ ਬਣਾਇਆ ਸੀ ਅਤੇ 1972 ਵਿੱਚ ਉਸ ਦੀ ਮੁੜ ਮੁਰੰਮਤ ਕਰਵਾਈ ਗਈ ਸੀ। ਉਹਨਾਂ ਦੱਸਿਆ ਕਿ ਪਰਿਵਾਰ ਕਈ ਦਹਾਕਿਆਂ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ ਅਤੇ ਸਾਰੇ ਬੱਚਿਆਂ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ।

ਸੁਰਜੀਤ ਕੌਰ ਮੁਤਾਬਕ, 1984 ਵਿੱਚ ਪਰਿਵਾਰਕ ਵੰਡ ਦੌਰਾਨ ਉਹਨਾਂ ਦੇ ਹਿੱਸੇ ਵਿੱਚ ਕੁਝ ਮਰਲੇ ਜਗ੍ਹਾ ਅਤੇ ਰਹਿਣ ਲਈ ਘਰ ਆਇਆ ਸੀ। ਉਸ ਸਮੇਂ ਦੂਜੇ ਭਰਾਵਾਂ ਨੂੰ ਵੱਖ-ਵੱਖ ਹਿੱਸੇ ਦਿੱਤੇ ਗਏ ਸਨ ਅਤੇ ਉਸੇ ਅਧਾਰ ‘ਤੇ ਸਾਰੇ ਪਰਿਵਾਰ ਰਹਿ ਰਹੇ ਸਨ। ਪਰ ਹੁਣ ਚਾਚੇ ਦੇ ਪੁੱਤਰ ਵੱਲੋਂ ਇਸ ਜਗ੍ਹਾ ‘ਤੇ ਆਪਣਾ ਹੱਕ ਜਤਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਪਹਿਲਾਂ ਵੀ ਥੋੜ੍ਹਾ ਬਹੁਤ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਮਲਾ ਕੋਰਟ ਤੱਕ ਪਹੁੰਚਿਆ। ਹੁਣ ਪਰਿਵਾਰ ਨੂੰ ਛੇ ਮਰਲੇ ਜਗ੍ਹਾ ‘ਤੇ ਸਟੇ ਆਰਡਰ ਮਿਲ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵਿਰੋਧੀ ਧਿਰ ਵੱਲੋਂ ਕੰਧ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ 112 ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਥਾਣੇ ਵਿੱਚ ਵੀ ਸ਼ਿਕਾਇਤ ਦਿੱਤੀ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਹਨਾਂ ਦਾ ਕਹਿਣਾ ਹੈ ਕਿ “ਸਾਡੀ ਇਕ ਇੱਟ ਵੀ ਨਹੀਂ ਛੱਡੀ ਗਈ। ਸਾਡਾ ਘਰ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ।”

ਇਸ ਮਾਮਲੇ ਵਿੱਚ ਸਾਬਕਾ ਫੌਜੀ ਸੰਸਥਾ ਦੇ ਸਥਾਪਕ ਦਿਲਬਾਗ ਸਿੰਘ ਵੀ ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਹਨ। ਉਹਨਾਂ ਨੇ ਕਿਹਾ ਕਿ ਮ੍ਰਿਤਕ ਸਾਬਕਾ ਫੌਜੀ ਨੇ 107 ਏਡੀ ਰੈਜਮੈਂਟ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਸੀ ਅਤੇ ਅਜਿਹੇ ਪਰਿਵਾਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਦਿਲਬਾਗ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਅਤੇ ਕੁਝ ਪੰਚਾਇਤੀ ਮੈਂਬਰਾਂ ਦੀ ਸ਼ਹਿ ‘ਤੇ ਇਹ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਕਿਸੇ ਸੈਨਿਕ ਜਾਂ ਸਾਬਕਾ ਫੌਜੀ ਦੇ ਪਰਿਵਾਰ ਨਾਲ ਅਜਿਹਾ ਸਲੂਕ ਹੁੰਦਾ ਹੈ ਤਾਂ ਇਹ ਸਾਰੇ ਦੇਸ਼ ਦੇ ਸੈਨਿਕਾਂ ਦਾ ਮਨੋਬਲ ਤੋੜਦਾ ਹੈ।

ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਰਿਪੋਰਟ ਮਿਲਟਰੀ ਇੰਟੈਲੀਜੈਂਸ ਅਤੇ ਸੰਬੰਧਤ ਫੌਜੀ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ। ਇਸ ਤੋਂ ਇਲਾਵਾ ਰਾਜਪਾਲ ਪੰਜਾਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ।ਦਿਲਬਾਗ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਪਹਿਲਾਂ ਹੀ ਕੋਰਟ ਤੋਂ ਸਟੇ ਮਿਲ ਚੁੱਕਾ ਸੀ, ਫਿਰ ਵੀ ਵਿਰੋਧੀ ਧਿਰ ਵੱਲੋਂ ਕੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।

ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ 15 ਤੋਂ 20 ਦਿਨਾਂ ਦੇ ਅੰਦਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸਾਬਕਾ ਫੌਜੀ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਕੱਥੂਨੰਗਲ ਥਾਣੇ ਸਾਹਮਣੇ ਸੰਘਰਸ਼ ਕੀਤਾ ਜਾਵੇਗਾ।

ਦਿਲਬਾਗ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੀੜਤ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਘਰ ਢਾਹਿਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ “ਜਿਹੜਾ ਪਰਿਵਾਰ 1965 ਤੋਂ ਇੱਕ ਘਰ ਵਿੱਚ ਰਹਿ ਰਿਹਾ ਹੋਵੇ, ਉਸ ਦਾ ਘਰ ਢਾਹੁਣਾ ਬਹੁਤ ਵੱਡਾ ਧੱਕਾ ਹੈ।”

ਉਹਨਾਂ ਨੇ ਪੰਜਾਬ ਸਰਕਾਰ, ਸਥਾਨਕ ਵਿਧਾਇਕ ਅਤੇ ਸੰਸਦ ਮੈਂਬਰ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।

error: Content is protected !!