ਲੌਕਡਾਊਨ ‘ਚ ਘਰੋਂ ਕੰਮ ਕਰਨ ਨਾਲ 27.5 ਕਰੋੜ ਭਾਰਤੀਆਂ ਦੀਆਂ ਹੋਈਆਂ ਅੱਖਾਂ ਖਰਾਬ
ਚੰਡੀਗੜ੍ਹ (ਵੀਓਪੀ ਬਿਊਰੋ) – ਕੋਰੋਨਾ ਮਹਾਮਾਰੀ ਨਾਲ ਸਾਰੀ ਦੁਨੀਆਂ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਹੈ ਪਰ ਭਾਰਤ ਵਿਚ ਇਸਦਾ ਪ੍ਰਭਾਵ ਕੁਝ ਹੋਰ ਗਹਿਰਾ ਪਿਆ ਹੈ। ਭਾਰਤ ਵਿਚ ਪਹਿਲੇਂ ਲੌਕਡਾਊਨ ਦੌਰਾਨ ਸਭ ਕੁਝ ਬੰਦ ਹੋਣ ਕਰਕੇ ਸਾਰੇ ਕਾਰੋਬਾਰ ਦੇ ਕੰਮ ਘਰੋਂ ਹੀ ਹੁੰਦੇੇ ਸਨ। ਦੇਸ਼ ਦੀ 23% ਆਬਾਦੀ ਭਾਵ 27.5 ਕਰੋੜ ਲੋਕਾਂ ਨੇ ਆਪਣੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦੀ ਸ਼ਿਕਾਇਤ ਕੀਤੀ ਹੈ। ਉਹ ਖ਼ੁਦ ਮੰਨਦੇ ਹਨ ਕਿ ਅਜਿਹਾ ਸਕ੍ਰੀਨਾਂ ਦੇ ਸਾਹਮਣੇ ਵਧੇਰੇ ਸਮਾਂ ਬੈਠਣ ਕਰਕੇ ਹੋਇਆ ਹੈ।
ਇੱਕ ਅਧਿਐਨ ਅਨੁਸਾਰ ਭਾਰਤੀਆਂ ਦੀਆਂ ਅੱਖਾਂ ਦੀ ਜੋਤ ਘਟਣ ਦਾ ਕਾਰਣ ਸਕ੍ਰੀਨਾਂ ਨੂੰ ਲਗਾਤਾਰ ਵੇਖਣਾ ਤਾਂ ਹੈ ਹੀ ਪਰ ਉਸ ਦੇ ਨਾਲ ਚਿੱਟਾ ਮੋਤੀਆਬਿੰਦ, ਕਾਲਾ ਮੋਤੀਆਬਿੰਦ ਤੇ ਵਧਦੀ ਉਮਰ ਕਾਰਨ ਮੈਕਿਯੂਲਰ ਖੋਰੇ ਕਾਰਨ ਵੀ ਅੱਖਾਂ ਖ਼ਰਾਬ ਹੋ ਰਹੀਆਂ ਹਨ।
ਸਾਲ 2020 ਦੌਰਾਨ ਭਾਰਤ ਵਿੱਚ ਪ੍ਰਤੀ ਯੂਜ਼ਰ ਔਸਤਨ ਸਕ੍ਰੀਨ ਟਾਈਮ 6 ਘੰਟੇ 36 ਮਿੰਟ ਸੀ, ਜੋ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ ਪਰ ਫਿਰ ਵੀ ਇਸ ਨੇ ਦੇਸ਼ ਦੀ ਵੱਡੀ ਆਬਾਦੀ ਦੀਆਂ ਅੱਖਾਂ ਉੱਤੇ ਮਾੜਾ ਅਸਰ ਪਾਇਆ ਹੈ। ਦੋ ਦਰਜਨ ਤੋਂ ਵੱਧ ਹੋਰ ਦੇਸ਼ ਅਜਿਹੇ ਹਨ, ਜਿੱਥੇ ਲੋਕ ਭਾਰਤੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਕ੍ਰੀਨਾਂ ਅੱਗੇ ਬੈਠੇ ਰਹਿੰਦੇ ਹਨ।