ਪਿੰਗਲਵਾੜੇ ‘ਚ ਪਲ਼ੇ ਸੋਹਣਾ-ਮੋਹਣਾ ਹੋਏ 18 ਸਾਲ ਦੇ, ਮਾਂ-ਬਾਪ ਨੇ ਘਰ ਲਿਜਾਣ ਤੋਂ ਕੀਤਾ ਸੀ ਮਨ੍ਹਾ

ਪਿੰਗਲਵਾੜੇ ‘ਚ ਪਲ਼ੇ ਸੋਹਣਾ-ਮੋਹਣਾ ਹੋਏ 18 ਸਾਲ ਦੇ, ਮਾਂ-ਬਾਪ ਨੇ ਘਰ ਲਿਜਾਣ ਤੋਂ ਕੀਤਾ ਸੀ ਮਨ੍ਹਾ

ਜਾਣੋਂ ਕਿਵੇ ਦਾ ਰਿਹਾ ਹੈ ਬਚਪਨ ਤੇ ਔਖਆਈਆਂ ਭਰਿਆ ਜੀਵਨ

ਅੰਮਿ੍ਤਸਰ (ਵੀਓਪੀ ਬਿਊਰੋ) – ਜਨਮ ਤੋਂ ਬਾਅਦ ਪਿੰਗਲਵਾੜੇ ਵਿਚ ਪਲੇ ਤੇ ਇਕ ਹੀ ਸਰੀਰ ਤੋਂ ਜੁੜੇ ਦੋ ਭਰਾ ਸੋਹਣਾ ਤੇ ਮੋਹਣਾ ਹੁਣ 18 ਸਾਲ ਦੇ ਹੋ ਗਏ ਹਨ। ਲੋਕ ਦੁਆਰਾ ਇਹੀ ਕਿਹਾ ਜਾਂਦਾ ਹੈ ਕਿ ਸਰੀਰ ਤੋਂ ਜੁੜੇ ਅਜਿਹੇ ਬੱਚੇ ਜ਼ਿਆਦਾ ਉਮਰ ਨਹੀਂ ਭੋਗ ਪਾਉਂਦੇ। ਪਰ ਇਹਨਾਂ ਦੋਵਾਂ ਭਰਾਵਾਂ ਨੇ ਸਾਰੀਆਂ ਮਿੱਥਾਂ ਉਪਰ ਮਿੱਟੀ ਪਾ ਕੇ ਜ਼ਿੰਦਗੀ ਨੂੰ ਗਲ਼ੇ ਲਾਇਆ ਹੈ।

14 ਜੂਨ 2003 ਨੂੰ ਦਿੱਲੀ ਦੇ ਸੁਚੇਤਾ ਕਿਰਪਾਲਨੀ ਹਸਪਤਾਲ ਵਿਚ ਜਨਮੇ ਸੋਹਣਾ ਤੇ ਮੋਹਣਾ ਦੀ 18 ਸਾਲ ਦੇ ਹੋਣ ਕਰਕੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਵੇਗਾ। ਦੋਵਾਂ ਨੇ ਇਲੈਕਟ੍ਰੀਲ ਇੰਜੀਨੀਅਰਿੰਗ ਦਾ ਤਿੰਨ ਸਾਲ ਦਾ ਡਿਪਲੋਮਾ ਵੀ ਕਰ ਲਿਆ ਹੈ। ਦੋਵਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਔਖਆਈ ਵੀ ਆਈਆਂ ਜਿਸ ਕਰਕੇ ਉਨ੍ਹਾਂ ਲਈ ਜਿਉਣਾ ਇੰਨਾ ਸੌਖਾ ਨਹੀਂ ਰਿਹਾ ਜਿੰਨਾ ਕਿ ਆਮ ਆਦਮੀ ਲਈ ਹੁੰਦਾ ਹੈ। ਸੋਹਣਾ ਤੇ ਮੋਹਣਾ ਛਾਤੀ ਤੋਂ ਹੇਠਾਂ ਤੋਂ ਇਕ -ਦਜੇ ਨਾਲ ਜੁੜੇ ਹੋਏ ਹਨ। ਦੋਵਾਂ ਦੇ ਸਿਰ, ਛਾਤੀ, ਫੇਫੜੇ ਤੇ ਰੀੜ੍ਹ ਵੱਖ-ਵੱਖ ਹਨ ਪਰ ਬਾਕੀ ਸਰੀਰ ਵਿਚ ਗੁਰਦੇ, ਜਿਗਰ ਤੇ ਮਸਾਨਾ (ਬਲੈਡਰ) ਸਮੇਤ ਸਰੀਰ ਦੇ ਹੋਰ ਸਾਰੇ ਅੰਗ ਇਕ ਹੀ ਵਿਅਕਤੀ ਵਾਂਗ ਹਨ।

ਇਹ ਵੀ ਅਦਭੁੱਤ ਹੈ ਕਿ ਇਕ-ਦੂਜੇ ਨਾਲ ਜੁੜੇ ਨੌਜਵਾਨ ਹੋ ਚੁੱਕੇ ਦੋਵੇਂ ਭਰਾ ਸਰਕਾਰੀ ਦਸਤਾਵੇਜ਼ਾਂ ਵਿਚ ਵੱਖ-ਵੱਖ ਵਿਅਕਤੀ ਹਨ। 10ਵੀਂ, 12ਵੀਂ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮੇ ਦੀ ਪ੍ਰਰੀਖਿਆ ਵਿਚ ਉਨ੍ਹਾਂ ਦੇ ਰੋਲ ਨੰਬਰ ਵੱਖ-ਵੱਖ ਸਨ। ਆਧਾਰ ਕਾਰਡ ਵੀ ਵੱਕ-ਵੱਖ ਹਨ। ਹੁਣ ਪਿੰਗਲਵਾੜਾ ਸੁਸਾਇਟੀ ਨੇ 14 ਜੂਨ ਨੂੰ ਇਨ੍ਹਾਂ ਦੇ 18 ਸਾਲ ਦੇ ਹੋ ਜਾਣ ‘ਤੇ ਵੋਟ ਬਣਾਉਣ ਲਈ ਵੱਖ-ਵੱਖ ਅਰਜ਼ੀਆਂ ਵੀ ਦਿੱਤੀਆਂ ਹਨ। ਅੰਮਿ੍ਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਵੇਂ ਇਨ੍ਹਾਂ ਦੋਵਾਂ ਦੇ ਆਧਾਰ ਕਾਰਡ ਵੱਖ-ਵੱਖ ਹਨ, ਉਸੇ ਤਰ੍ਹਾਂ ਦੋਵਾਂ ਦੇ ਵੋਟ ਵੀ ਵੱਖ-ਵੱਖ ਬਣਨਗੇ।

ਇਸ ਸਰੀਰਕ ਖਾਮੀ ਦੇ ਬਾਵਜੂਦ ਸੋਹਣਾ ਤੇ ਮੋਹਣਾ ਹਰ ਕੰਮ ਤੋਂ ਪਹਿਲਾਂ ਆਪਸੀ ਤਾਲਮੇਲ ਬਿਠਾਉਂਦੇ ਹਨ। ਜੋ ਸੋਹਣਾ ਕਿਤੇ ਜਾਣਾ ਚਾਹੁੰਦਾ ਹੈ ਤਾਂ ਮੋਹਣੇ ਨੂੰ ਦੱਸ ਦਿੰਦਾ ਹੈ। ਇਸ ਨਾਲ ਉਨ੍ਹਾਂ ਨੂੰ ਮੰਜ਼ਲ ਤਕ ਪੁੱਜਣ ਵਿਚ ਆਸਾਨੀ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਇਕ ਲੱਤ ਸੋਹਣੇ ਤੇ ਦੂਜੇ ਮੋਹਣੇ ਦੇ ਦਿਮਾਗ਼ ਤੋਂ ਮਿਲਣ ਵਾਲੇ ਨਿਰਦੇਸ਼ ਨੂੰ ਮੰਨਦੀ ਹੈ। ਦੋਵੇਂ ਆਪਸ ਵਿਚ ਤਾਲਮੇਲ ਬਿਠਾ ਲੈਂਦੇ ਹਨ ਤੇ ਫਿਰ ਦੋਵਾਂ ਦਾ ਦਿਮਾਗ਼ ਇਕ ਪਾਸੇ ਚੱਲਣ ਦਾ ਨਿਰਦੇਸ਼ ਦਿੰਦਾ ਹੈ ਤਾਂ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਬਿਜਲੀ ਦੇ ਕਿਸੇ ਯੰਤਰ ਦੀ ਮੁਰੰਮਤ ਕਰਨੀ ਹੋਵੇ ਤਾਂ ਸੋਹਣਾ ਉਪਕਰਨ ਫੜਦਾ ਹੈ ਤੇ ਮੋਹਣਾ ਪੇਚਕਸ ਜਾਂ ਪਲਾਸ ਦੀ ਮਦਦ ਨਾਲ ਉਸ ਨੂੰ ਠੀਕ ਕਰਦਾ ਹੈ।

ਡਾਕਟਰਾਂ ਅਨੁਸਾਰ ਦੋ ਲੱਖ ਵਿਚ ਇਕ ਅਜਿਹਾ ਕੇਸ ਹੁੰਦਾ ਹੈ ਜਦੋਂ ਸਰੀਰ ਤੋਂ ਜੁੜੇ ਹੋਏ ਬੱਚੇ ਪੈਦਾ ਹੁੰਦੇ ਹਨ। ਸੋਹਣਾ ਤੇ ਮੋਹਣਾ ਵੀ ਉਨ੍ਹਾਂ ਵਿਚੋਂ ਇਕ ਹਨ। ਪਿੰਗਲਵਾੜੇ ਦੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਤਾਂ ਉਹ ਦੋ ਮਹੀਨਿਆਂ ਦੇ ਸਨ। ਦੋਵਾਂ ਦੀ ਦੇਖਭਾਲ ਲਈ ਨਰਸ ਰੱਖੀ ਗਈ। ਦੋਵਾਂ ਨੇ ਪੜ੍ਹਾਈ ਦੇ ਨਾਲ-ਨਾਲ ਮਾਨਾਂਵਾਲਾ ਵਿਚ ਕੰਮ ਕਰਦੇ ਇਲੈਕਟ੍ਰੀਸ਼ੀਅਨ ਲਖਬੀਰ ਸਿੰਘ ਤੋੋੋਂ ਬਿਜਲੀ ਦਾ ਕੰਮ ਸਿੱਖਿਆ ਤੇ ਉਸ ਨੂੰ ਆਪਣਾ ਉਸਤਾਦ ਮੰਨਦੇ ਹਨ। ਜਦੋਂ ਛੋਟੇ ਸਨ ਤਾਂ ਇਕ ਰੋਂਦਾ ਸੀ ਤਾਂ ਦੂਜਾ ਉਸ ਨੂੰ ਚੁੱਪ ਕਰਵਾਉਂਦਾ ਸੀ, ਇਕ ਨੂੰ ਗੁੱਸਾ ਆਉਂਦਾ ਸੀ ਤਾਂ ਦੂਜਾ ਉਸ ਨੂੰ ਸ਼ਾਂਤ ਕਰਦਾ ਸੀ। ਹੁਣ ਦੋਵਾਂ ਦਾ ਕਹਿਣਾ ਹੈ ਕਿ ਉਹ ਇਕ ਜਿਸਮ ਦੋ ਜਾਨਾਂ ਹਨ। ਇਹ ਕੁਦਰਤ ਦਾ ਕਰਿਸ਼ਮਾ ਹੈ ਜਾਂ ਬੇਇਨਸਾਫ਼ੀ ਇਸ ਦਾ ਪਤਾ ਨਹੀਂ ਪਰ ਬੀਜੀ (ਬੀਬੀ ਇੰਦਰਜੀਤ ਕੌਰ) ਨੇ ਬਹੁਤ ਪਿਆਰ ਦਿੱਤਾ ਹੈ ਤੇ ਉਹ ਪਿੰਗਲਵਾੜੇ ਵਿਚ ਹੀ ਰਹਿਣਾ ਚਾਹੁੰਦੇ ਹਨ।

ਦਿੱਲੀ ਵਿਚ ਜਨਮ ਤੋਂ ਬਾਅਦ ਸੋਹਣੇ ਤੇ ਮੋਹਣੇ ਦੀ ਮਾਂ ਕਾਮਿਨੀ ਤੇ ਪਿਤਾ ਸੁਰਜੀਤ ਕੁਮਾਰ ਨੇ ਉਨ੍ਹਾਂ ਨੂੰ ਘਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਪਿੰਗਲਵਾੜੇ ਨੇ ਇਨ੍ਹਾਂ ਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ ਤੇ ਬੀਬੀ ਇੰਦਰਜੀਤ ਕੌਰ ਨੇ ਇਨ੍ਹਾਂ ਦਾ ਨਾਮਕਰਨ ਕੀਤਾ। ਡਾਕਟਰਾਂ ਨੇ ਕਿਹਾ ਸੀ ਕਿ ਦੋਵੇਂ ਬਹੁਤੀ ਦੇਰ ਜਿਊਂਦੇ ਨਹੀਂ ਰਹਿ ਸਕਣਗੇ ਪਰ ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਨੂੰ ਹਰਾਉਂਦਿਆਂ ਦੋਵੇਂ ਬਾਲਗ ਹੋ ਗਏ ਹਨ।

error: Content is protected !!