ਵਾਹ ਨੀ ਸਰਕਾਰੇ : 90 ਸੋਨ ਮੈਡਲ ਜੇਤੂ ਖਿਡਾਰਨ ਬਿਸਕੁੱਟ ਵੇਚ ਕੇ ਕਰ ਰਹੀ ਗੁਜ਼ਾਰਾ

ਵਾਹ ਨੀ ਸਰਕਾਰੇ : 90 ਸੋਨ ਮੈਡਲ ਜੇਤੂ ਖਿਡਾਰਨ ਬਿਸਕੁੱਟ ਵੇਚ ਕੇ ਕਰ ਰਹੀ ਗੁਜ਼ਾਰਾ

ਚੰਡੀਗੜ੍ਹ (ਵੀਓਪੀ ਬਿਊਰੋ) – ਭਾਰਤ ਦੇ ਬਹੁਤ ਸਾਰੇ ਖਿਡਾਰੀ ਅੰਤਰਰਾਸ਼ਟਰੀ ਖਿਡਾਰੀ ਹੋਣ ਦੇ ਬਾਵਜੂਦ ਵੀ ਆਪਣਾ ਗੁਜ਼ਰ ਬਸਰ ਬੜਾ ਔਖਾ ਕਰ ਰਹੇ ਹਨ। ਇਕ ਹੋਰ ਮਾਮਲਾ ਦੇਹਰਾਦੂਨ ਤੋਂ ਸਾਹਮਣੇ ਆਇਆ ਹੈ, ਜਿੱਥੇ ਭਾਰਤ ਦੀ ਪਹਿਲੀ ਮਹਿਲਾ ਪੈਰਾ-ਰਾਈਫ਼ਲ ਸ਼ੂਟਰ ਦਿਲਰਾਜ ਕੌਰ ਹੁਣ ਦੇਹਰਾਦੂਨ ਦੇ ਗਾਂਧੀ ਪਾਰਕ ਦੇ ਨੇੜੇ ਬਿਸਕੁਟ ਵੇਚਣ ਲਈ ਮਜਬੂਰ ਹੈ। ਉਨ੍ਹਾਂ ਆਪਣੇ 17 ਸਾਲਾਂ ਦੇ ਖੇਡ ਕਰੀਅਰ ਦੌਰਾਨ 28 ਸੋਨ ਤਮਗ਼ੇ (ਗੋਲਡ ਮੈਡਲ), 5 ਚਾਂਦੀ (ਸਿਲਵਰ ਮੈਡਲ) ਦੇ ਤੇ 6 ਕਾਂਸੀ ਦੇ ਤਮਗ਼ੇ (ਬ੍ਰੌਂਜ਼ ਮੈਡਲ) ਜਿੱਤੇ ਹਨ। ਉਨ੍ਹਾਂ 2007 ’ਚ ਤਾਇਵਾਨ ਦੀਆਂ ਅਤੇ 2015 ’ਚ ਬੈਂਗਲੁਰੂ ’ਚ ਹੋਈਆਂ ਵਰਲਡ ਗੇਮਜ਼ ਵਿੱਚ ਵੀ ਹਿੱਸਾ ਲਿਆ ਸੀ।

ਸਾਲ 2019 ’ਚ ਪਹਿਲਾਂ ਦਿਲਰਾਜ ਕੌਰ ਦੇ ਪਿਤਾ ਤੇ ਫਿਰ ਉਸ ਦੇ ਛੇਤੀ ਪਿੱਛੋਂ ਭਰਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਂ ਗੁਰਦੀਪ ਕੌਰ ਉੱਤਰਾਖੰਡ ਨੂੰ ਰਾਜ ਦਾ ਦਰਜਾ ਦਿਵਾਉਣ ਵਿੱਚ ਮੋਹਰੀ ਰਹੇ ਸਨ। ਮਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਖ਼ੁਦ ਨੂੰ ਤੇ ਬਾਅਦ ’ਚ ਉਨ੍ਹਾਂ ਦੀ ਧੀ ਦਿਲਰਾਜ ਕੌਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਉਸ ਨੂੰ ਕਦੇ ਅਮਲੀ ਰੂਪ ਨਹੀਂ ਦਿੱਤਾ ਗਿਆ।

ਦਿਲਰਾਜ ਕੌਰ ਨੂੰ ਹੁਣ ਆਪਣੀ ਮਾਂ ਨਾਲ ਮਿਲ ਕੇ ਗਾਂਧੀ ਪਾਰਕ ਦੇ ਬਾਹਰ ਧੁੱਪ ਤੇ ਮੀਂਹ ਹਰ ਤਰ੍ਹਾਂ ਦੇ ਮੌਸਮ ਵਿੱਚ ਬੈਠਣਾ ਪੈ ਰਿਹਾ ਹੈ। ਦਿਲਰਾਜ ਕੌਰ ਨੇ ਦੱਸਿਆ, ‘ਮੈਂ ਹੁਣ ਤੱਕ ਆਪਣੇ ਪਿਤਾ, ਭਰਾ ਤੇ ਆਪਣਾ ਕਰੀਅਰ ਸਭ ਕੁਝ ਗੁਆ ਚੁੱਕੀ ਹਾਂ ਪਰ ਮੇਰੇ ਪਰਿਵਾਰ ਦਾ ਮਨੋਬਲ ਮਜ਼ਬੂਤ ਹੈ। ਸਾਨੂੰ ਸੜਕਾਂ ਉੱਤੇ ਬਹਿ ਕੇ ਵਸਤਾਂ ਵੇਚਣ ਵਿੱਚ ਵੀ ਕੋਈ ਇਤਰਾਜ਼ ਨਹੀਂ ਹੈ। ਅਸੀਂ ਕੁਝ ਵੀ ਕਰਾਂਗੇ ਕਿਉਂਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।’

ਦਿਲਰਾਜ ਕੌਰ ਦੇ ਭਰਾ ਤੇ ਪਿਤਾ ਦੇ ਇਲਾਜ ਕਰਵਾਉਣ ਸਮੇਂ ਉਨ੍ਹਾਂ ਦਾ ਘਰ ਵੀ ਵਿਕ ਗਿਆ ਸੀ। ਹੁਣ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਕਰਜ਼ੇ ਵਧਦੇ ਜਾ ਰਹੇ ਹਨ। ਗੁਰਦੀਪ ਕੌਰ ਹੁਰਾਂ ਨੂੰ ਨਾਲੋ-ਨਾਲ ਕੱਪੜੇ ਸਿਉਂ ਕੇ ਵੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਹੁਣ ਕੋਵਿਡ-19 ਕਾਰਣ ਲੌਕਡਾਊਨ ਨੇ ਰਹੀ ਸਹੀ ਕਸਰ ਵੀ ਕੱਢ ਦਿੱਤੀ। ਉਨ੍ਹਾਂ ਦੇ ਛੋਟੇ-ਮੋਟੇ ਸਾਰੇ ਕਾਰੋਬਾਰ ਵੀ ਬੰਦ ਹੋ ਗਏ।

error: Content is protected !!