ਬਿਜਲੀ ਦੇ ਕੱਟਾਂ ‘ਤੇ ਹੋਣ ਲੱਗੀ ਸਿਆਸਤ, ਥਾਂ-ਥਾਂ ਹੋ ਰਹੇ ਰੋਸ ਪ੍ਰਦਰਸ਼ਨ

ਬਿਜਲੀ ਦੇ ਕੱਟਾਂ ‘ਤੇ ਹੋਣ ਲੱਗੀ ਸਿਆਸਤ, ਥਾਂ-ਥਾਂ ਹੋ ਰਹੇ ਰੋਸ ਪ੍ਰਦਰਸ਼ਨ

ਬਰਨਾਲਾ (ਵੀਓਪੀ ਬਿਊਰੋ) – ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਹਨ ਪਰ ਇਸ ਉਪਰ ਹੁਣ ਸਿਆਸਤ ਹੋਣ ਲੱਗ ਪਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਬਿਜਲੀ ਦੇ ਲੱਗ ਰਹੇ ਕੱਟਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਤੇ ਥਾਂ-ਥਾਂ ਧਰਨੇ ਲਾ ਕੇ ਲੋਕ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ।

ਕੱਲ੍ਹ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਵੱਲੋਂ ਬਰਨਾਲਾ ਦੇ ਮੇਨ ਗਰਿੱਡ ਸਥਾਨਕ ਕਸਬਾ ਹੰਡਿਆਇਆ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਜ਼ਿਲ੍ਹੇ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਸਮੇਂ ਖੇਤੀ ਮੋਟਰਾਂ ਤੇ ਘਰਾਂ ਦੀ ਬਿਜਲੀ ਦਾ ਇੱਕ ਵੀ ਕੱਟ ਕਦੇ ਨਹੀਂ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਕੈਪਟਨ ਆਪਣੇ ਮਹਿਲਾਂ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ ਤੇ ਗਰਾਊਂਡ ਤੇ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਕੁਝ ਨਹੀਂ ਪਤਾ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਕਾਂਗਰਸ ਆਪਣੇ ਕਾਟੋ-ਕਲੇਸ਼ ਵਿੱਚ ਉਲਝੀ ਹੋਈ ਹੈ। ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਦੱਸਿਆ ਕਿ ਇਹ ਇੱਕ ਸੰਕੇਤਕ ਧਰਨਾ ਸੀ। ਆਉਣ ਵਾਲੇ ਸਮੇਂ ਵਿੱਚ ਬਿਜਲੀ ਕੱਟਾਂ ਦਾ ਹੱਲ ਸਰਕਾਰ ਨੇ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਜਲੰਧਰ ਫਗਵਾੜਾ ਹਾਈਵੇਅ ਉਪਰ ਵੀ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਹਾਈਵੇਅ ਉਪਰ ਲੰਮਾ ਜਾਮ ਲੱਗ ਗਿਆ ਹੈ।

error: Content is protected !!