ਕੈਪਟਨ ਨੇ ਪੰਜਾਬ ਨੂੰ ਆਪਣੀਆਂ ਐਸ਼ ਵਿੱਚ ਗਿਰਵੀ ਰੱਖਿਆ, ਸਾਢੇ ਚਾਰ ਸਾਲ ਆਪਣੇ ਮਹਿਲ ਵਿੱਚ ਕੀਤੀ ਐਸ਼: ਜੀਵਨ ਗੁਪਤਾ
ਬਿਜਲੀ ਨਾ ਮਿਲਣ ਕਾਰਨ ਪੰਜਾਬ ਦੇ ਉਦਯੋਗ ਬੰਦ ਅਤੇ ਲੋਕ ਬਿਜਲੀ ਕੱਟਾਂ ਤੋਂ ਬੇਹਾਲ, ਸੜਕਾਂ ਤੇ ਰੋ ਰਹੀ ਕੈਪਟਨ ਨੂੰ: ਗੁਪਤਾ
ਚੰਡੀਗੜ੍ਹ: 11 ਜੁਲਾਈ (ਵੀਓਪੀ ਬਿਊਰੋ) ਪੰਜਾਬ ਵਿਚ ਜਿਥੇ ਲੋਕ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹੋ ਕੇ ਕੈਪਟਨ ਸਰਕਾਰ ਖਿਆਫ ਸੜਕਾਂ ‘ਤੇ ਉਤਰ ਕੇ ਪਿੱਟ-ਸਿਆਪਾ ਕਰ ਰਹੀ ਹੈ, ਉਥੇ ਬਿਜਲੀ ਨਾ ਮਿਲਣ ਕਰਕੇ ਬੰਦ ਹੋ ਚੁੱਕੇ ਪੰਜਾਬ ਦੇ ਉਦਯੋਗ ਅਤੇ ਕਾਰੋਬਾਰੀ ਵੀ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇ ਸੜਕਾਂ ‘ਤੇ ਉਤਰਨ ਲਈ ਤਿਆਰ ਹਨ। ਸੂਬਾ ਭਾਜਪਾ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਸਾਢੇ ਚਾਰ ਸਾਲਾਂ ਦੇ ਸ਼ਾਸਨਕਾਲ ਦੌਰਾਨ ਆਪਣੀਆਂ ਸੁੱਖ-ਸਹੂਲਤਾਂ ਵਿੱਚ ਉਲਝੇ ਰਹੇ ਹਨ ਅਤੇ ਉਹ ਆਪਣੇ ਮਹਿਲ ਤੋਂ ਬਾਹਰ ਨਹੀਂ ਆਏ। ਕੈਪਟਨ ਨੇ ਪੰਜਾਬ ਨੂੰ ਮਾਫੀਆ ਅਤੇ ਗੈਂਗਸਟਰਾਂ ਦੇ ਸਹਾਰੇ ‘ਤੇ ਛੱਡ ਦਿੱਤਾ ਸੀ। ਕੈਪਟਨ ਦੇ ਚਹੇਤੇ ਮੰਤਰੀ ਲੋਕਾਂ ਨੂੰ ਦਿੱਤੀਆਂ ਜਾਣ ਵਾਲਿਆਂ ਸਹੂਲਤਾਂ ਦਾ ਫੰਡ ਡਕਾਰ ਗਏ। ਜਦੋਂ ਜਨਤਾ ਨੇ ਇਸ ਸਬੰਧ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ‘ਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ ਗਏ।
ਜੀਵਨ ਗੁਪਤਾ ਨੇ ਕਿਹਾ ਕਿ ਕੈਪਟਨ ਨੇ ਪਿਛਲੇ ਸਾਲ ਲਗਭਗ 550 ਕਰੋੜ ਰੁਪਏ ਦੀ ਬਿਜਲੀ ਬਾਹਰੋਂ ਖਰੀਦੀ ਸੀ ਅਤੇ ਇਸ ਸਾਲ ਕੈਪਟਨ ਨੇ ਬਿਜਲੀ ਲਈ ਬਾਜ਼ਾਰ ਤੋਂ 1000 ਕਰੋੜ ਰੁਪਏ ਉਧਾਰ ਲਏ ਹਨ। ਗੁਪਤਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਬਿਜਲੀ ਸਰਪਲੱਸ ਸੀ ਅਤੇ ਪੰਜਾਬ ਗੁਆਂਡੀ ਸੂਬਿਆਂ ਨੂੰ ਬਿਜਲੀ ਵੇਚ ਰਿਹਾ ਸੀ, ਪਰ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ ਸੀ। ਸਾਢੇ ਚਾਰ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ, ਕੈਪਟਨ ਨੇ ਬਿਜਲੀ ਗਰਿੱਡਾਂ ਅਤੇ ਥਰਮਲ ਪਲਾਂਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਪਤਾ ਨੇ ਦੱਸਿਆ ਕਿ ਪੰਜ ਥਰਮਲ ਪਲਾਂਟਾਂ ਤੋਂ ਇਲਾਵਾ, ਭਾਖੜਾ, ਰਣਜੀਤ ਸਾਗਰ ਡੈਮ, ਜੋਗਿੰਦਰ ਨਗਰ ਡੈਮ, ਛੋਟਾ ਨਹਿਰ ਪ੍ਰਾਜੈਕਟ, ਕੇਂਦਰੀ ਪੂਲ ‘ਤੋਂ ਨਿਸ਼ਚਤ ਕੋਟਾ ਅਤੇ ਗਰਮੀਆਂ ਵਿੱਚ ਸਰਕਾਰੀ ਥਰਮਲ ਪਲਾਂਟ ਤੋਂ ਪੰਜਾਬ ਨੂੰ ਬਿਜਲੀ ਮਿਲਦੀ ਹੈ। ਕੁਲ ਮਿਲਾ ਕੇ, ਪੰਜਾਬ ਨੂੰ 7,000 ਮੈਗਾਵਾਟ ਡੈਮ ਅਤੇ ਨਹਿਰੀ ਪ੍ਰਾਜੈਕਟਾਂ ਤੋਂ ਬਿਜਲੀ ਮਿਲਦੀ ਹੈ, ਜਦੋਂ ਕਿ ਬਾਕੀ ਥਰਮਲ ਪਲਾਂਟਾਂ ਵਲੋਂ ਤਿਆਰ ਕੀਤੀ ਜਾਂਦੀ ਹੈI ਇਸ ਸਮੇਂ ਰਾਜਪੁਰਾ, ਤਲਵੰਡੀ ਸਾਬੋ, ਗੋਇੰਦਵਾਲ ਸਾਹਿਬ, ਰੋਪੜ ਅਤੇ ਬਠਿੰਡਾ ਵਿਖੇ ਥਰਮਲ ਪਲਾਂਟ ਹਨ। ਬਠਿੰਡਾ ਥਰਮਲ ਪਲਾਂਟ ਪਹਿਲਾਂ ਹੀ ਬੰਦ ਸੀ। ਹਾਲ ਹੀ ਵਿੱਚ, ਹੁਣ ਬਾਕੀ ਚਾਰ ਵੀ ਬੰਦ ਹੋ ਗਏ ਹਨI ਕੈਪਟਨ ਨੇ ਪਹਿਲਾਂ ਹੀ ਬਠਿੰਡਾ ਦਾ ਥਰਮਲ ਪਾਵਰ ਪਲਾਂਟ ਬੰਦ ਕਰਵਾ ਕੇ ਉਸਨੂੰ ਵੇਚਣ ਲਈ ਲਾ ਦਿੱਤਾ ਸੀ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਥਰਮਲ ਪਲਾਂਟ ਬੰਦ ਹੋਣ ਕਾਰਨ ਬਿਜਲੀ ਸਪਲਾਈ ਦੀ ਸਾਰੀ ਜ਼ਿੰਮੇਵਾਰੀ ਹੁਣ ਰਾਸ਼ਟਰੀ ਗਰਿੱਡ ‘ਤੇ ਆ ਗਈ ਹੈ। ਦੂਜੇ ਪਾਸੇ ਭਾਖੜਾ ਡੈਮ (ਰਣਜੀਤ ਸਾਗਰ ਡੈਮ) ਵਿੱਚ ਵੀ ਪਾਣੀ ਦਾ ਪੱਧਰ 60 ਫੁੱਟ ਹੇਠਾਂ ਜਾ ਚੁੱਕਾ ਹੈ। ਜੇ ਰਣਜੀਤ ਸਾਗਰ ਜਾਂ ਭਾਖੜਾ ਡੈਮ ਵਿਚ ਕੋਈ ਤਕਨੀਕੀ ਖਰਾਬੀ ਆਉਂਦੀ ਹੈ ਜਾਂ ਜੇ ਟਰਾਂਸਮਿਸ਼ਨ ਲਾਈਨ ਵਿਚ ਕੋਈ ਗੜਬੜੀ ਆਉਂਦੀ ਹੈ ਤਾਂ ਪੰਜਾਬ ਵਿਚ ਹਨੇਰਾ ਛਾ ਜਾਵੇਗਾ। ਆਮ ਤੌਰ ‘ਤੇ ਬਿਜਲੀ ਦੀ ਮੰਗ ਨੌ ਹਜ਼ਾਰ ਮੈਗਾਵਾਟ ਤੱਕ ਰਹਿੰਦੀ ਹੈI ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿਚ ਖਪਤ ਪੰਜ ਹਜ਼ਾਰ ਮੈਗਾਵਾਟ ਵਧ ਜਾਂਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਖਪਤ 14,000 ਮੈਗਾਵਾਟ ਪ੍ਰਤੀ ਦਿਨ ਤੱਕ ਪਹੁੰਚ ਜਾਂਦੀ ਹੈ। ਪੰਜਾਬ ਦੀ ਬਿਜਲੀ ਟਰਾਂਸਮਿਸ਼ਨ ਸਮਰੱਥਾ 13,000 ਮੈਗਾਵਾਟ ਹੈ, ਜਿਸ ਤੋਂ ਉਪਰ ਜਾਣ ‘ਤੇ ਗ੍ਰਿਡ ਫੇਲ ਹੋ ਜਾਵੇਗਾ ਅਤੇ ਪੂਰੇ ਪੰਜਾਬ ਵਿੱਚ ਬਲੈਕਆਉਟ ਹੋ ਜਾਵੇਗਾ।
ਜੀਵਨ ਗੁਪਤਾ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਅਸਫਲ ਰਹੇ ਹਨ, ਇਸ ਲਈ ਉਹਨਾਂ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕੈਪਟਨ ਨੂੰ ਨੈਤਿਕ ਅਧਾਰ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈI