ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਪਈ ਗੰਦਗੀ ਨੂੰ ਲੈ ਕੇ ਚਲਾਨ ਕੱਟਿਆ ਹੈ। ਇਹ ਕੋਠੀ ਸੀਐੱਮ ਹਾਊਸ ਦੇ ਅੰਦਰ ਹੀ ਆਉਂਦੀ ਹੈ। ਚਲਾਨ ਮੁੱਖ ਮੰਤਰੀ ਦੀ ਕੋਠੀ ਦੇ ਪਿੱਛੇ ਕੋਠੀ ਨੰਬਰ 7 ਦਾ ਕੱਟਿਆ ਗਿਆ ਹੈ ਜਿਸ ਵਿਚ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਕੋਠੀ ਨੇੜੇ ਗੰਦਗੀ ਕਾਰਨ ਨਗਰ ਨਿਗਮ ਵੱਲੋਂ ਸ਼ਨਿਚਰਵਾਰ ਸਵੇਰੇ 8.15 ਮਿੰਟ ‘ਤੇ 10,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਹ ਚਲਾਨ ‘ਆਰਪੀਐੱਫ ਬਟਾਲੀਅਨ 113, ਡੀਐੱਸਪੀ ਮਨਜਿੰਦਰ ਸਿਘ’ ਦੇ ਨਾਂ ‘ਤੇ ਕੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਸੀ।
ਵਾਰਡ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਮਹੇਸ਼ ਇੰਦਰਾ ਸਿੱਧੂ ਦਾ ਕਹਿਣਾ ਹੈ ਕਿ ਕੋਠੀ ਨੰਬਰ-7 ਅਤੇ 8 ਦੇ ਐਂਟਰੀ ਤੇ ਐਗਜ਼ਿਟ ਗੇਟਾਂ ’ਤੇ ਹਰ ਰੋਜ਼ ਗੰਦਗੀ ਫੈਲਾਈ ਜਾਂਦੀ ਹੈ। ਮੁਲਾਜ਼ਮਾਂ ਵੱਲੋਂ ਹਰ ਰੋਜ਼ ਇੱਥੇ ਕੂੜਾ ਸੁੱਟਿਆ ਜਾਂਦਾ ਹੈ। ਪਹਿਲਾਂ ਵੀ ਕਈ ਵਾਰ ਚਿਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਫ਼ਰਕ ਨਹੀਂ ਪੈਂਦਾ।