ਵੀਓਪੀ ਬਿਊਰੋ- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2000 ਕਰੋੜ ਰੁਪਏ ਦੇ ਟੈਂਡਰ ਘੁਪਲੇ ਦੀ ਫਾਈਲ ਖੁੱਲ੍ਹਣ ਦੀ ਮਗਰੋਂ ਲਗਾਤਾਰ ਗਾਇਬ ਨਜ਼ਰ ਆ ਰਹੇ ਹਨ। ਜਿਸ ਤਰ੍ਹਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨਾਲ ਸੰਬੰਧਿਤ ਫਾਈਲ ਤੋਂ ਮਿੱਟੀ ਝਾੜ ਦਿੱਤੀ ਹੈ ਤਾਂ ਉਹ ਆਪਣੀ ਪਾਰਟੀ ਦੇ ਪ੍ਰੋਗਰਾਮਾਂ ਤੋਂ ਵੀ ਦੂਰੀ ਬਣਾ ਚੁੱਕੇ ਹਨ। ਹੁਣ ਤਾਂ ਉਹ ਆਪਣੇ ਇਲਾਕੇ ਦੇ ਵੀ ਕਿਸੇ ਸਮਾਗਮ ਵਿਚ ਨਜ਼ਰ ਨਹੀਂ ਆ ਰਹੇ। ਇੰਨਾ ਹੀ ਨਹੀਂ ਜਦ ਸੰਗਰੂਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਹੋ ਰਹੀ ਸੀ ਤਾਂ ਉਹ ਪਹਿਲਾਂ ਤਾਂ ਚੋਣ ਪ੍ਰਚਾਰ ਸਮੇਂ ਕਾਂਗਰਸ ਦੇ ਆਗੂਆਂ ਦੇ ਨਾਲ ਹੀ ਸਨ ਪਰ ਜਿਸ ਤਰ੍ਹਾਂ ਹੀ ਟੈਂਡਰ ਘੁਪਲੇ ਦੀ ਫਾਈਲ ਖੁੱਲਣ ਦਾ ਪਤਾ ਲੱਗਾ ਤਾਂ ਉਹ ਗਾਇਬ ਹੀ ਹੋ ਗਏ ਹਨ। ਇਕ ਪਾਸੇ ਕਾਂਗਰਸੀ ਵਰਕਰ ਤੋ ਆਗੂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਈ.ਡੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਭਾਰਤ ਭੂਸ਼ਣ ਆਸ਼ੂ ਸਾਰੇ ਪਾਸੇ ਤੋਂ ਗਾਇਬ ਹਨ। ਕੁਝ ਦਿਨ ਪਹਿਲਾਂ ਆਸ਼ੂ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਹਾਈਕੋਰਟ ਨੇ ਆਸ਼ੂ ਨਾਲ ਜੁੜੇ ਮਾਮਲੇ ‘ਤੇ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਇਸ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਆਸ਼ੂ ਵੱਲੋਂ ਉਨ੍ਹਾਂ ਦੇ ਮੰਤਰੀ ਵਜੋਂ ਫੂਡ ਸਪਲਾਈ ਵਿਭਾਗ ਵਿੱਚ ਟੈਂਡਰਿੰਗ ਸਬੰਧੀ ਸ਼ਿਕਾਇਤ ਦੀ ਜਾਂਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਆਸ਼ੂ ਨੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਸਰਕਾਰ ਉਸ ਨੂੰ ਇਸ ਜਾਂਚ ਵਿੱਚ ਸ਼ਾਮਲ ਕਰੇ। ਇਸ ਤੋਂ ਇਲਾਵਾ ਗ੍ਰਿਫਤਾਰੀ ਤੋਂ ਪਹਿਲਾਂ ਇਕ ਹਫਤੇ ਦਾ ਨੋਟਿਸ ਦਿੱਤਾ ਜਾਵੇ। ਸਾਬਕਾ ਮੰਤਰੀ ਆਸ਼ੂ ਨੇ ਆਪਣੇ ‘ਤੇ ਲੱਗੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਸ ਨੂੰ ਸਿਆਸੀ ਬਦਲਾਖੋਰੀ ਦੀ ਸਾਜ਼ਿਸ਼ ਕਰਾਰ ਦਿੱਤਾ।


