ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਤੋਂ ਖਾਕੀ ਵਰਦੀ ਨੂੰ ਦਾਗਦਾਰ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪੁਲਿਸ ਮੁਲਾਜ਼ਮ ਖੁਦ ਹੀ ਨਸ਼ੇੜੀ ਸੀ ਅਤੇ ਨਾਲ ਹੀ ਨਸ਼ੇ ਦੀ ਸਪਲਾਈ ਵੀ ਕਰਦਾ ਸੀ। ਜਿਸ ਨੂੰ ਕਾਬੂ ਕਰ ਕੇ ਪੁਲਿਸ ਨੇ ਉਸ ਕੋਲੋਂ 1ਕਿਲੋ 800 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਪਠਾਨਕੋਟ ਦੇ ਪਿੰਡ ਪਠਾਨ ਦਾ ਰਹਿਣ ਵਾਲਾ ਅਨਿਲ ਕੁਮਾਰ ਹੈ, ਜੋ ਇਸ ਸਮੇਂ ਲੁਧਿਆਣਾ ’ਚ ਡਿਊਟੀ ’ਤੇ ਤਾਇਨਾਤ ਸੀ।ਜਾਣਕਾਰੀ ਮੁਤਾਬਕ ਏ. ਐੱਸ. ਆਈ. ਮੇਜਰ ਸਿੰਘ ਪੁਲਸ ਪਾਰਟੀ ਸਮੇਤ ਪੱਖੋਵਾਲ ਰੋਡ ’ਤੇ ਗਸ਼ਤ ’ਤੇ ਮੌਜੂਦ ਸਨ। ਇਸ ਦੌਰਾਨ ਮੁਲਜ਼ਮ ਅਨਿਲ ਕੁਮਾਰ ਪੈਦਲ ਉੱਥੋਂ ਲੰਘ ਰਿਹਾ ਸੀ, ਜੋ ਅੱਗੇ ਪੁਲਸ ਨੂੰ ਦੇਖ ਕੇ ਘਬਰਾ ਗਿਆ। ਸ਼ੱਕ ਪੈਣ ’ਤੇ ਜਦੋਂ ਚੈੱਕ ਕੀਤਾ ਗਿਆ ਤਾਂ ਮੁਲਜ਼ਮ ਕੋਲ ਫੜ੍ਹੇ ਲਿਫ਼ਾਫ਼ੇ ’ਚੋਂ ਭੁੱਕੀ ਬਰਾਮਦ ਹੋਈ।ਪਹਿਲਾਂ ਮੁਲਜ਼ਮ ਨੇ ਪੁਲਸ ਪਾਰਟੀ ਨਾਲ ਬਦਤਮੀਜ਼ੀ ਵੀ ਕੀਤੀ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਮੁਲਜ਼ਮ ਪੰਜਾਬ ਪੁਲਸ ’ਚ ਹੈੱਡ ਕਾਂਸਟੇਬਲ ਹੈ, ਜੋ ਡਵੀਜ਼ਨ ਨੰਬਰ-2 ‘ਚ ਤਾਇਨਾਤ ਹੈ ਅਤੇ ਨਸ਼ਾ ਕਰਨ ਦਾ ਆਦੀ ਹੈ। ਉਹ ਨਸ਼ੇ ਦੀ ਪੂਰਤੀ ਲਈ ਥੋੜ੍ਹਾ ਨਸ਼ਾ ਵੇਚ ਦਿੰਦਾ ਸੀ ਤਾਂ ਕਿ ਖ਼ਰਚ ਚੱਲਦਾ ਰਹੇ ਅਤੇ ਉਸ ਨੂੰ ਨਸ਼ਾ ਮਿਲਦਾ ਰਹੇ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ’ਚ ਜੁੱਟੀ ਹੈ ਕਿ ਉਹ ਨਸ਼ਾ ਕਿੱਥੋਂ ਲਿਆ ਕੇ ਸਪਲਾਈ ਕਰਦਾ ਸੀ। ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।