ਕੇਂਦਰ ਸਰਕਾਰ ਨੇ ਕਿਹਾ 18 ਸਾਲਾਂ ‘ਚ 1805 ਕਿਸਾਨਾਂ ਨੇ ਕੀਤੀ ਖੁਦਕੁਸ਼ੀ ਪਰ ਪੀਏਯੂ ਦੀ ਰਿਪੋਰਟ ‘ਚ ਗਿਣਤੀ 9,291, ਕਿਸਾਨਾਂ ਨੇ ਕਿਹਾ ਸਰਕਾਰ ਕਮੀਆਂ ਸੁਧਾਰਨ ਦੀ ਥਾਂ ਲੁਕਾ ਰਹੀ…

ਕੇਂਦਰ ਸਰਕਾਰ ਨੇ ਕਿਹਾ 18 ਸਾਲਾਂ ‘ਚ 1805 ਕਿਸਾਨਾਂ ਨੇ ਕੀਤੀ ਖੁਦਕੁਸ਼ੀ ਪਰ ਪੀਏਯੂ ਦੀ ਰਿਪੋਰਟ ‘ਚ ਗਿਣਤੀ 9,291, ਕਿਸਾਨਾਂ ਨੇ ਕਿਹਾ ਸਰਕਾਰ ਕਮੀਆਂ ਸੁਧਾਰਨ ਦੀ ਥਾਂ ਲੁਕਾ ਰਹੀ…

ਵੀਓਪੀ ਬਿਊਰੋ – ਕੇਂਦਰ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਖੇਤੀ ਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ, ਪਰ ਬੀਤੇ ਵਰੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੀ ਇਕਜੁੱਟਤਾ ਨੇ ਕੇਂਦਰ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਪੰਜਾਬ ਵਿਚ ਹਰ ਵਾਰ ਇਸ ਗੱਲ ਨੂੰ ਜੋਰ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਨੂੰ ਕਰਜੇ ਅਤੇ ਖੇਤੀ ਸਬੰਧੀ ਹੋਰਨਾਂ ਸਮੱਸਿਆਵਾਂ ਕਾਰਨ ਖੁਦਕੁਸ਼ੀ ਕਰਨੀਆਂ ਪੈ ਰਹੀਆਂ ਹਨ ਅਤੇ ਹਰ ਸਾਲ ਇਹ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਇਸੇ ਮਾਮਲੇ ਦੀ ਗੂੰਜ ਹੁਣ ਸੰਸਦ ਭਵਨ ਵਿਚ ਵੀ ਸੁਣਾਈ ਦਿੱਤੀ ਹੈ। ਜਿੱਥੇ ਇਕ ਪਾਸੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ‘ਚ 2000 ਤੋਂ ਲੈ ਕੇ 2018 ਵਿਚਕਾਰ 1805 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਪਰ ਇਸ ਦੌਰਾਨ ਜੋ ਰਿਪੋਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜਾਰੀ ਕੀਤੀ ਹੈ, ਉਸ ਮੁਤਾਬਕ ਇਨ੍ਹਾਂ ਸਾਲਾਂ ‘ਚ 9,291 ਕਿਸਾਨ ਖੁਦਕੁਸ਼ੀਆਂ ਹੋਈਆਂ ਹਨ।
ਇਸੇ ਬਿਆਨ ਨੂੰ ਲੈ ਕੇ ਕਿਸਾਨਾਂ ਤੇ ਸਿਆਸੀ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼ ਲਾਇਆ ਹੈ ਕਿ ਲਗਾਤਾਰ ਦੇਸ਼ ਵਿਚ ਹੇਠਾ ਡਿੱਗ ਰਹੇ ਖੇਤੀ ਦੇ ਪੱਧਰ ਨੂੰ ਲੈ ਕੇ ਕੇਂਦਰ ਸਰਕਾਰ ਸੁਧਾਰਨ ਦੀ ਬਜਾਏ ਸਿਰਫ ਤੇ ਸਿਰਫ ਆਪਣੀਆਂ ਕਮੀਆਂ ਲੁਕਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਇਸ ਦੇ ਲਈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦਾ ਹਵਾਲਾ ਦਿੱਤਾ ਹੈ।
ਇਸ ਦੇ ਜਵਾਬ ਵਿਚ ਮਹਾਰਾਸ਼ਟਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਨਰਾਇਣ ਧਨੋਦਕਰ ਨੇ ਲੋਕ ਸਭਾ ਵਿੱਚ ਪੀਏਯੂ ਦੇ ਅਧਿਐਨ ਦਾ ਹਵਾਲਾ ਦੇ ਕੇ ਸਵਾਲ ਪੁੱਛਿਆ ਸੀ। ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਪੀਏਯੂ ਦੁਆਰਾ ਕੀਤਾ ਗਿਆ ਅਧਿਐਨ ਸਿਰਫ ਪੰਜਾਬ ਦੇ 6 ਜ਼ਿਲ੍ਹਿਆਂ ਜਿਵੇਂ ਸੰਗਰੂਰ, ਬਠਿੰਡਾ, ਮੋਗਾ, ਲੁਧਿਆਣਾ, ਮਾਨਸਾ ਅਤੇ ਬਰਨਾਲਾ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸਹੀ ਅੰਕੜੇ ਨਹੀਂ ਦਿੰਦੀ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸੂਬੇ ਵਿੱਚ ਕਿਸਾਨ ਵਰਗ ਦੀ ਮਾੜੀ ਹਾਲਤ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਵਿੱਚ ਹੇਰਾਫੇਰੀ ਕੀਤੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਕੜਿਆਂ ਨੂੰ ਭਰੋਸੇਮੰਦ ਮੰਨਿਆ ਹੈ।ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਕੋਈ ਐਕਸ਼ਨ ਪਲਾਨ ਬਣਾਉਣ ਤੋਂ ਪਹਿਲਾਂ ਕਿਸਾਨ ਖੁਦਕੁਸ਼ੀਆਂ ਦੀ ਵਿਆਪਕ ਤਸਵੀਰ ਲਵੇਗੀ।

error: Content is protected !!