ਇਆਲੀ ਤੋਂ ਬਾਅਦ ਚੰਦੂਮਾਜਰਾ ਨੇ ਦਿਖਾਏ ਬਾਗੀ ਤੇਵਰ, ਨਹੀਂ ਪੁੱਜੇ ਮੀਟਿੰਗ ‘ਚ, ਸੁਖਬੀਰ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੇ ਫੈਸਲੇ ਪਿੱਛੋਂ ਕਹੀ ਇਹ ਗੱਲ…

ਇਆਲੀ ਤੋਂ ਬਾਅਦ ਚੰਦੂਮਾਜਰਾ ਨੇ ਦਿਖਾਏ ਬਾਗੀ ਤੇਵਰ, ਨਹੀਂ ਪੁੱਜੇ ਮੀਟਿੰਗ ‘ਚ, ਸੁਖਬੀਰ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੇ ਫੈਸਲੇ ਪਿੱਛੋਂ ਕਹੀ ਇਹ ਗੱਲ…

ਵੀਓਪੀ ਬਿਊਰੋ – ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਸਬੰਧੀ ਕਿਸੇ ਵੀ ਮਸਲੇ ਉੱਤੇ ਚਰਚਾ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਰਾਸ਼ਟਰਪਤੀ ਦੀ ਚੋਣ ਦੌਰਾਨ ਮਨਪ੍ਰੀਤ ਸਿੰਘ ਇਆਲੀ ਦੀ ਨਾਰਾਜ਼ਗੀ ਅਤੇ ਕਿਤੇ ਨਾ ਕਿਤੇ ਪਾਰਟੀ ਵਿੱਚ ਉੱਠ ਰਹੇ ਬਗਾਵਤੀ ਸੁਰਾਂ ਕਾਰਨ ਇਸ ਮੀਟਿੰਗ ਵਿਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ‘ਝੂੰਦਾ ਕਮੇਟੀ’ ਦੀ ਰਿਪੋਰਟ ’ਤੇ ਕਰੀਬ ਪੰਜ ਘੰਟੇ ਮੰਥਨ ਕੀਤਾ ਗਿਆ। ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਹਾਰ ਦੀ ਸਮੀਖਿਆ ਲਈ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਸੀ। ਇਸ ਦੌਰਾਨ ਝੂੰਦਾ ਕਮੇਟੀ ਦੀ ਰਿਪੋਰਟ ਸਬੰਧੀ ਵੀ ਕੋਈ ਚਰਚਾ ਨਹੀਂ ਹੋਈ।

ਇਸ ਦੌਰਾਨ ਜੋ ਇਕ ਹੋਰ ਬਖੇੜਾ ਸ਼੍ਰੋਮਣੀ ਅਕਾਲੀ ਦਲ ਲਈ ਖੜਾ ਹੋ ਗਿਆ ਹੈ, ਕੋਰ ਕਮੇਟੀ ਦੀ ਮੀਟਿੰਗ ਵਿੱਚ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਗੈਰ-ਹਾਜ਼ਰ ਰਹੇ। ਹੁਣ ਉਨ੍ਹਾਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਸਿੱਧੇ ਕੋਰ ਕਮੇਟੀ ਵਿੱਚ ਰੱਖਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੂੰ ਸਮੀਖਿਆ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਬਾਦਲ ਨੇ ਕਮੇਟੀ ਕਨਵੀਨਰ ਬਲਵਿੰਦਰ ਭੂੰਦੜ ਨੂੰ ਸਮੀਖਿਆ ਕਮੇਟੀ ਦੀ ਮੀਟਿੰਗ ਕਰਨ ਲਈ ਕਿਹਾ ਸੀ। ਝੂੰਦਾ ਕਮੇਟੀ ਦੀ ਰਿਪੋਰਟ ‘ਤੇ ਗੌਰ ਕਰੋ। ਫਿਰ ਸਾਂਝੀ ਰਾਏ ਬਣਾ ਕੇ ਕੋਰ ਕਮੇਟੀ ਵਿਚ ਲੈ ਕੇ ਆਉਣ। ਇਸ ਦੇ ਬਾਵਜੂਦ ਰਿਪੋਰਟ ਸਿੱਧੇ ਕੋਰ ਕਮੇਟੀ ਵਿੱਚ ਰੱਖੀ ਗਈ। ਮੈਂ ਰਿਪੋਰਟ ਵੀ ਨਹੀਂ ਪੜ੍ਹੀ। ਮੈਨੂੰ ਨਹੀਂ ਪਤਾ ਕਿ ਰਿਪੋਰਟ ਸਿੱਧੀ ਉੱਥੇ ਕਿਉਂ ਭੇਜੀ ਗਈ ਸੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੀ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕਰ ਚੁੱਕੇ ਹਨ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਤੋਂ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਹੱਕ ਵਿਚ ਵੋਟਿੰਗ ਲਈ ਆਪਣੀਆਂ ਮੰਗਾਂ ਰੱਖ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਰ ਕੱਲ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਅਜਿਹੇ ਵਿਚ ਭਵਿੱਖ ਵਿਚ ਦੇਖਣ ਨੂੰ ਬਣਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਾਰੀ ਪਾਰਟੀ ਨੂੰ ਇਕਜੁੱਟ ਰੱਖ ਸਕਦੇ ਹਨ ਜਾਂ ਨਹੀਂ।

error: Content is protected !!