ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਾਡੀਆਂ ਫਸਲਾਂ-ਨਸਲਾਂ ਸੰਭਾਲਣ ’ਚ ਨਾਕਾਮ ਰਹੇ : ਕਾਲਕਾ

ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਾਡੀਆਂ ਫਸਲਾਂ-ਨਸਲਾਂ ਸੰਭਾਲਣ ’ਚ ਨਾਕਾਮ ਰਹੇ : ਕਾਲਕਾ

👉 ਦਿੱਲੀ ਕਮੇਟੀ ਚਲਾਏਗੀ ‘‘ਧਰਮ ਜਾਗਰੂਕਤਾ ਲਹਿਰ’’

ਨਵੀਂ ਦਿੱਲੀ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ’ਚ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਲਗਾਮ ਕੱਸਣ ਲਈ ‘‘ਧਰਮ ਜਾਗਰੂਕਤਾ ਲਹਿਰ’’ ਦੀ ਅਰੰਭਤਾ ਅੱਜ ਅਰਦਾਸ ਸਮਾਗਮ ਕਰਵਾ ਕੇ ਕੀਤੀ ਗਈ ਜਿਸ ’ਚ ਸੂਬਾ ਭਰ ਤੋਂ ਕਈ ਸੰਪ੍ਰਦਾਵਾਂ ਦੇ ਮੁਖੀ, ਪੰਥ ਦਰਦੀਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਿਸ ਧਰਤੀ ਤੋਂ ਕਦੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਸੀ, ਅੱਜ ਉਸੇ ਧਰਤੀ ਤੋਂ ‘‘ਧਰਮ ਜਾਗਰੂਕਤਾ ਲਹਿਰ’’ ਦੀ ਅਰੰਭਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਖੋਲ੍ਹ ਕੇ ਕੀਤੀ ਜਾ ਰਹੀ ਹੈ । ਇਥੇ ਮੌਜ਼ੂਦ ਪੰਥ ਦਰਦੀਆਂ ਦਾ ਭਾਰੀ ਇਕੱਠ ਦੇਖ ਕੇ ਮੈਨੂੰ ਯਕੀਨ ਹੈ ਕਿ ਇਹ ‘ਲਹਿਰ’ ਇਕ ਦਿਨ ਸੈਲਾਬ ਬਣ ਕੇ ਉਨ੍ਹਾਂ ਦੋਖੀਆਂ ਨੂੰ ਠੱਲ੍ਹ ਪਾਵੇਗੀ ਜਿਹੜੇ ਸਾਡੇ ਪਰਿਵਾਰਾਂ ਦੀ ਧਰਮ ਬਦਲੀ ਕਰਵਾ ਰਹੇ ਹਨ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ’ਚ ਦੂਰ-ਦਰਾਡੇ ਦੇ ਪਿੰਡਾਂ ਤਕ ਪਹੰੁਚ ਕਰਕੇ ਆਪਣੇ ਬੱਚਿਆਂ ਅਤੇ ਧਰਮ ਬਦਲੀ ਕਰ ਚੁੱਕੇ ਪਰਿਵਾਰਾਂ ਨੂੰ ਗੌਰਵਮਈ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਾਂਗੇ ਤਾਂ ਕਿ ਸਾਡੀ ਪਨੀਰੀ ਆਪਣੇ ਗੁਰ ਇਤਿਹਾਸ ਨਾਲ ਜੁੜੇ ।


ਸ. ਕਾਲਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਬਾਵਜ਼ੂਦ ਕਿੱਥੇ ਅਜਿਹੀ ਕੋਈ ਕਮੀ ਰਹਿ ਗਈ ਕਿ ਅਸੀਂ ਨਾ ਤਾਂ ਆਪਣੀ ਫਸਲਾਂ ਸੰਭਾਲ ਸਕੇ ਅਤੇ ਨਾ ਹੀ ਆਪਣੀਆਂ ਨਸਲਾਂ ਸੰਭਾਲ ਪਾ ਰਹੇ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ’ਚ ਧਰਮ ਪ੍ਰਚਾਰ ਲਹਿਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਸ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਹੈ । ਸ. ਭੂਮਾ ਸਿੱਖ ਧਰਮ ਨਾਲ ਜੁੜੀਆਂ ਸਾਰੀਆਂ ਸੰਪ੍ਰਦਾਵਾਂ ਦੇ ਮੁਖੀਆਂ, ਪੰਥਕ ਜੱਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਕ ਸੈਮੀਨਾਰ ਕਰਾਉਣਗੇ ਜਿਸ ’ਚ ਇਹ ਪਤਾ ਲਗਾਇਆ ਜਾ ਸਕੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿ ਸਾਡੇ ਧਰਮ ਦੇ ਪ੍ਰਚਾਰ-ਪ੍ਰਸਾਰ ’ਚ ਨਿਵਾਰ ਆਇਆ ।

ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਐਸੀ ਜੁਝਾਰੂ ਕੌਮ ਹੈ ਜਿਹੜੀ ਆਪਣੇ ਧਰਮ ਦੀ ਖਾਤਰ ਸ਼ਹਾਦਤ ਦੇ ਸਕਦੀ ਹੈ ਆਪਣੀਆਂ ਕੁਰਬਾਨੀਆਂ ਦੇ ਸਕਦੀ ਹੈ ਪਰ ਉਹ ਆਪਣੀ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋ ਸਕਦੀ । ਸਾਡੇ ਮੁਲਕ ’ਚ ਚਿੱਟੀ ਕ੍ਰਾਂਤੀ, ਹਰੀ ਕ੍ਰਾਂਤੀ ਦੀ ਜਦੋਂ ਗੱਲ ਆਈ ਤਾਂ ਪੂਰੇ ਹਿੰਦੂਸਤਾਨ ਦੇ ਅਨਾਜ ਦੇ ਭੰਡਾਰ ਪੰਜਾਬ ਨੇ ਭਰ ਦਿੱਤੇ । ਜੇਕਰ ਸਰਹੱਦਾਂ ਦੀ ਰੱਖਿਆ ਦੀ ਗੱਲ ਆਈ ਤਾਂ ਸਾਡੀ ਸਿੱਖ ਰੈਜੀਮੇਂਟ ਨੇ ਪਾਕਿਸਤਾਨ ਹੋਵੇ ਜਾਂ ਚੀਨ ਸਭ ਤੋਂ ਅੱਗੇ ਹੋ ਕੇ ਭਾਰਤ ਦੀ ਰੱਖਿਆ ਕੀਤੀ । ਦੇਸ਼-ਵਿਦੇਸ਼ ’ਚ ਕੋਈ ਮਹਾਂਮਾਰੀ-ਕੁਦਰਤੀ ਆਫਤ ਆਈ ਤਾਂ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਲੰਗਰ ਲਗਾਏ ਮੁਫ਼ਤ ਦਵਾਈਆਂ ਵੰਡੀਆਂ ਅਤੇ ਮਨੁੱਖਤਾ ਦੀ ਸੇਵਾ ਕੀਤੀ । ਐਸੀ ਕੌਮ ਜਿਹੜੀ ਹਰ ਖੇਤਰ ’ਚ ਮੋਹਰੀ ਤੇ ਜੁਝਾਰੂ ਹੋਵੇ ਅੱਜ ਐਸੀ ਲੋੜ ਕਿਵੇਂ ਪੈ ਗਈ ਕਿ ਅੱਜ ਸਾਨੂੰ ਇਸ ਕੌਮ ਦੀ ਪਨੀਰੀ ਨੂੰ ਬਚਾਉਣ ਲਈ ‘‘ਧਰਮ ਜਾਗਰੂਕਤਾ ਲਹਿਰ’’ ਚਲਾਉਣ ਲਈ ਸੈਮੀਨਾਰ ਰੱਖਣੇ ਪੈ ਰਹੇ ਹਨ । ਉਹ ਕੌਮ ਜਿਹੜੀ ਸ਼ਹਾਦਤਾਂ-ਕੁਰਬਾਨੀਆਂ ਤੋਂ ਨਹੀਂ ਡਰਦੀ ਸੀ ਪੰਜਾਬ ’ਚ ਵੱਸਦੇ ਕਈ ਪਰਿਵਾਰ ਅੱਜ ਸਿਰਫ਼ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਮਾਫ਼ ਕਰਾਉਣ ਲਈ ਆਪਣਾ ਸ਼ਾਨਾਮਤੀ ਧਰਮ ਬਦਲੀ ਕਰਨ ਵੱਲ ਤੁਰ ਪਵੇ, ਇਹ ਬਹੁਤ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ । ਸਿੱਖ ਕੌਮ ਜਿਹੜੀ ਮੁਸੀਬਤ ਦੇ ਸਮੇਂ ਦੂਜੇ ਧਰਮਾਂ ਦਾ ਢਿੱਡ ਭਰਨ ਲਈ ਸਭ ਤੋਂ ਮੂਹਰੇ ਹੁੰਦੀ ਹੈ ਅਜਿਹਾ ਕੀ ਕਾਰਨ ਬਣ ਗਿਆ ਕਿ ਉਸ ਦਾ ਇਕ ਵੀ ਬੱਚਾ ਜਾਂ ਪਰਿਵਾਰ ਦੂਜਾ ਧਰਮ ਅਪਨਾਉਣ ਵੱਲ ਤੁਰ ਪਿਆ।

error: Content is protected !!