ਮੇਜਰ ਧਿਆਨ ਚੰਦ ਨੂੰ ਸਮਰਪਿਤ ਪੰਜਾਬ ’ਚ ਹੋਵੇਗਾ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ

ਮੇਜਰ ਧਿਆਨ ਚੰਦ ਨੂੰ ਸਮਰਪਿਤ ਪੰਜਾਬ ’ਚ ਹੋਵੇਗਾ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ’ਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਖੇਡ ਕੁੰਭ ‘ਪੰਜਾਬ ਖੇਡ ਮੇਲਾ’ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਢਲਾ ਉਦੇਸ਼ ਇਕ ਪਾਸੇ ਖੇਡਾਂ ਦੇ ਖੇਤਰ ’ਚ ਨਵੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ ਅਤੇ ਦੂਜੇ ਪਾਸੇ ਸੂਬੇ ’ਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ’ਚ ਆਪਣੀਆਂ ਚਮਕਾਂ ਬਿਖੇਰ ਰਹੇ ਪੰਜਾਬ ਦੇ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਅਨੁਕੂਲ ਮਾਹੌਲ ਮਿਲੇ ਤਾਂ ਉਹ ਕਿਸੇ ਵੀ ਖੇਤਰ ’ਚ ਚਮਤਕਾਰ ਦਿਖਾ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਮੇਲਾ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਨ ਤੋਂ ਇਲਾਵਾ ਸੂਬੇ ’ਚ ਖੇਡਾਂ ਦੇ ਮੁਆਫ਼ਕ ਮਾਹੌਲ ਪੈਦਾ ਹੋਣਾ ਯਕੀਨੀ ਬਣਾਏਗਾ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਲੱਖਾਂ ਖਿਡਾਰੀਆਂ ਲਈ ਹਮੇਸ਼ਾ ਤੋਂ ਪ੍ਰੇਰਨਾ ਦਾ ਸਰੋਤ ਰਹੇ ਹਨ ਅਤੇ ਪੰਜਾਬ ਖੇਡ ਮੇਲਾ ਉੱਭਰਦੇ ਖਿਡਾਰੀਆਂ ਤੇ ਆਮ ਲੋਕਾਂ ਵਿਚਾਲੇ ਖੇਡਾਂ ਦੀ ਚਿਣਗ ਨੂੰ ਹੋਰ ਹਵਾ ਦੇਵੇਗਾ।”

 

ਉਨ੍ਹਾਂ ਕਿਹਾ ਕਿ ਇਹ ਮੇਲਾ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਇਆ ਜਾਵੇਗਾ, ਜਿਸ ਦੌਰਾਨ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ ਕੁੱਲ ਪੰਜ ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਮੇਲਾ ਹੋਵੇਗਾ, ਜਿਸ ’ਚ ਖਿਡਾਰੀਆਂ ਤੇ ਨਾਗਰਿਕਾਂ ਸਣੇ ਚਾਰ ਲੱਖ ਤੋਂ ਵੱਧ ਲੋਕ 28 ਖੇਡ ਵੰਨਗੀਆਂ ’ਚ ਹਿੱਸਾ ਲੈਣਗੇ।

ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਖੇਡ ਮੇਲੇ ਦੌਰਾਨ ਪੈਰਾ ਅੈਥਲੀਟਾਂ ਦੇ ਨਾਲ-ਨਾਲ 40 ਸਾਲ ਤੋਂ ਵੱਧ ਉਮਰ ਵਰਗ ਵਾਲਿਆਂ ਲਈ ਵੀ ਵੱਖ-ਵੱਖ ਖੇਡ ਵੰਨਗੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਸੂਬਾ ਸਰਕਾਰ ਦੀ ਆਪਣੀ ਤਰ੍ਹਾਂ ਦੀ ਅਨੂਠੀ ਪਹਿਲਕਦਮੀ ਹੈ ਅਤੇ ਹਰੇਕ ਅਧਿਕਾਰੀ ਇਸ ਨੂੰ ਕਾਮਯਾਬ ਕਰਨ ’ਚ ਕੋਈ ਕਸਰ ਬਾਕੀ ਨਾ ਛੱਡੇ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਭਾਵਨਾ ਤੇ ਉਤਸ਼ਾਹ ਨਾਲ ਦੋ ਮਹੀਨੇ ਤੱਕ ਚੱਲਣ ਵਾਲੇ ਇਸ ਵੱਡੇ ਖੇਡ ਕੁੰਭ ਵਿੱਚ ਹਿੱਸਾ ਲੈਣ।ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਮੇਲੇ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਸ ਸਬੰਧ ’ਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

error: Content is protected !!