ਪੇਸ਼ੀ ‘ਤੇ ਆਇਆ ਕਤਲ ਸਣੇ 41 ਕੇਸਾਂ ‘ਚ ਨਾਮਜ਼ਦ ਬਦਮਾਸ਼ ਪੁਲਿਸ ਨੂੰ ਚਕਮਾ ਦੇ ਕੇ ਫਰਾਰ, ਐਨਕਾਊਂਟਰ ਤੋਂ ਡਰਦੇ ਨੇ ਖੁਦ ਹੀ ਕੀਤਾ ਸੀ ਸਰੰਡਰ…
ਯੂਪੀ (ਵੀਓਪੀ ਬਿਊਰੋ) ਕਤਲ, ਲੁੱਟ-ਖੋਹ ਅਤੇ ਜਬਰੀ ਵਸੂਲੀ ਦੇ ਕੁੱਲ 41 ਕੇਸਾਂ ਵਿਚ ਨਾਮਜ਼ਦ ਬਦਮਾਸ਼ ਪੁਲਿਸ ਨੂੰ ਚਕਮਾ ਦਿੰਦੇ ਹੋਏ ਫਰਾਰ ਹੋ ਗਿਆ ਅਤੇ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਉਕਤ ਘਟਨਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਵਾਪਰੀ ਹੈ। ਫਰਾਰ ਹੋਣ ਵਾਲੇ ਬਦਮਾਸ਼ ਦੀ ਪਛਾਣ ਆਦਿਤਿਆ ਰਾਣਾ ਵਜੋਂ ਹੋਈ ਹੈ ਜੋ ਕਿ ਸਹੋਰਾ ਥਾਣਾ ਖੇਤਰ ਦੇ ਪਿੰਡ ਰਾਣਾ ਨੰਗਲਾ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੂੰ ਇਲਾਕੇ ਵਿਚ ਅਲਰਟ ਕਰ ਦਿੱਤਾ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਆਦਿਤਿਆ ਰਾਣਾ ਮੰਗਲਵਾਰ ਰਾਤ ਸ਼ਾਹਜਹਾਨਪੁਰ ਦੇ ਹਰਦੋਈ ਮੋੜ ‘ਤੇ ਲਾਲ ਚਿਲੀ ਢਾਬੇ ਤੋਂ ਫਰਾਰ ਹੋ ਗਿਆ ਸੀ ਜਦੋਂ ਉਸ ਨੂੰ ਮੁਕੱਦਮੇ ‘ਤੇ ਲੈ ਕੇ ਆਏ ਤਿੰਨ ਪੁਲਿਸ ਕਰਮਚਾਰੀ ਖਾਣੇ ਲਈ ਰੁਕ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਬਾਥਰੂਮ ਗਿਆ ਅਤੇ ਕੰਧ ‘ਤੇ ਚੜ੍ਹ ਕੇ ਫਰਾਰ ਹੋ ਗਿਆ। ਉਸ ਨੂੰ ਮੰਗਲਵਾਰ ਨੂੰ ਹੀ ਲਖਨਊ ਜੇਲ੍ਹ ਤੋਂ ਬਿਜਨੌਰ ਅਦਾਲਤ ਵਿੱਚ ਲਿਆਂਦਾ ਗਿਆ। ਆਦਿਤਿਆ ਸਹੋਰਾ ਥਾਣਾ ਖੇਤਰ ਦੇ ਪਿੰਡ ਰਾਣਾ ਨੰਗਲਾ ਦਾ ਰਹਿਣ ਵਾਲਾ ਹੈ। ਆਦਿਤਿਆ ਰਾਣਾ ਖ਼ਿਲਾਫ਼ ਪਿੰਡ ਦੇ ਦੋ ਭਰਾਵਾਂ ਦੇ ਕਤਲ ਸਮੇਤ ਤਿੰਨ ਕਤਲ ਦੇ ਕੇਸ ਦਰਜ ਹਨ। ਸਾਲ 2013 ਵਿੱਚ ਕਤਲ ਦਾ ਪਹਿਲਾ ਕੇਸ ਦਰਜ ਹੋਇਆ ਸੀ। ਆਦਿਤਿਆ ਰਾਣਾ ਖਿਲਾਫ ਕੁੱਲ 41 ਕੇਸ ਦਰਜ ਹਨ। ਉਹ ਇਸ ਸਮੇਂ ਲਖਨਊ ਜੇਲ੍ਹ ਵਿੱਚ ਬੰਦ ਸੀ।
ਬਦਮਾਸ਼ ਆਦਿਤਿਆ ਰਾਣਾ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਅਲਰਟ ਮੋਡ ‘ਤੇ ਹੈ ਅਤੇ ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੀ ਸਰਹੱਦ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ 6 ਟੀਮਾਂ ਤਲਾਸ਼ੀ ਲਈ ਤਾਇਨਾਤ ਕੀਤੀਆਂ ਗਈਆਂ ਹਨ।ਐਸਓਜੀ ਨਿਗਰਾਨੀ ਸਮੇਤ ਸਿਟੀ ਪੁਲਿਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਐਸਪੀ ਦਿਨੇਸ਼ ਸਿੰਘ ਨੇ ਸਾਰੇ ਸਟੇਸ਼ਨ ਇੰਚਾਰਜਾਂ ਨੂੰ ਅਲਰਟ ਕਰ ਦਿੱਤਾ ਹੈ।




ਇਸ ਤੋਂ ਪਹਿਲਾਂ ਆਦਿਤਿਆ ਰਾਣਾ ਪੱਛਮੀ ਯੂਪੀ ਵਿੱਚ ਚੱਲ ਰਹੇ ਪੁਲਿਸ ਦੀ ਕਾਰਵਾਈ ਤੋਂ ਇੰਨਾ ਡਰ ਗਿਆ ਸੀ ਕਿ ਉਸਨੇ ਗੁਪਤ ਰੂਪ ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਤੋਂ ਪਹਿਲਾ ਵੀ ਰਾਣਾ ਮੁਰਾਦਾਬਾਦ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਯੂਪੀ ਪੁਲਿਸ ਨੇ ਉਸ ਨੂੰ ਜ਼ਿੰਦਾ ਜਾਂ ਮਰੇ ਹੋਏ ਫੜਨ ‘ਤੇ ਇਕ ਲੱਖ ਦਾ ਇਨਾਮ ਘੋਸ਼ਿਤ ਕੀਤਾ ਸੀ। ਆਦਿਤਿਆ ਰਾਣਾ ਦੀ ਭਾਲ ਵਿੱਚ ਪੁਲਿਸ ਦੇ ਨਾਲ ਏ.ਟੀ.ਐਫ ਵੀ ਲੱਗੀ ਹੋਈ ਸੀ। ਪਰ ਅੱਜ ਫਿਰ ਉਕਤ ਬਦਮਾਸ਼ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।