ਜੇ ਡੀ ਟਾਈਟਲਰ ਸਕੂਲ ਰਜਿੰਦਰ ਨਗਰ ਦੀ ਮਾਨਤਾ ਰੱਦ, ਅਨੁਸੂਚਿਤ ਜਾਤੀ/ਜਨਜਾਤੀ ਭਲਾਈ ਕਮੇਟੀ ਦੀ ਸਿਫਾਰਿਸ਼ ‘ਤੇ ਹੋਇਆ ਫੈਸਲਾ

ਜੇ ਡੀ ਟਾਈਟਲਰ ਸਕੂਲ ਰਜਿੰਦਰ ਨਗਰ ਦੀ ਮਾਨਤਾ ਰੱਦ, ਅਨੁਸੂਚਿਤ ਜਾਤੀ/ਜਨਜਾਤੀ ਭਲਾਈ ਕਮੇਟੀ ਦੀ ਸਿਫਾਰਿਸ਼ ‘ਤੇ ਹੋਇਆ ਫੈਸਲਾ

ਸਿੱਖਿਆ ਵਿਭਾਗ ਨੇ ਈਡਬਲਿਊਐਸ ਕੋਟੇ ਤਹਿਤ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਵਾਪਰੇ 1984 ਦੇ ਸਿੱਖ ਕਤਲੇਆਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਨਿਊ ਰਾਜੇਂਦਰ ਨਗਰ ਸਥਿਤ ਜੇਡੀ ਟਾਈਟਲਰ ਸਕੂਲ ਦੀ ਮਾਨਤਾ ਦਿੱਲੀ ਸਰਕਾਰ ਵਲੋਂ ਵਾਪਸ ਲੈ ਲਈ ਗਈ ਹੈ। ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਇਹ ਫੈਸਲਾ ਅਨੁਸੂਚਿਤ ਜਾਤੀ/ਜਨਜਾਤੀ ਭਲਾਈ ਕਮੇਟੀ ਦੀ ਸਿਫਾਰਿਸ਼ ‘ਤੇ ਲਿਆ ਹੈ। ਵਿਭਾਗ ਦਾ ਇਹ ਹੁਕਮ 1 ਅਪ੍ਰੈਲ 2023 ਤੋਂ ਲਾਗੂ ਮੰਨਿਆ ਜਾਵੇਗਾ। ਇਸ ਤੋਂ ਬਾਅਦ ਸਕੂਲ ਕਿਸੇ ਵੀ ਜਮਾਤ ਵਿੱਚ ਨਵੇਂ ਬੱਚਿਆਂ ਦਾ ਦਾਖ਼ਲਾ ਨਹੀਂ ਲੈ ਸਕੇਗਾ। ਕਮੇਟੀ ਦੇ ਚੇਅਰਮੈਨ ਵਿਸ਼ੇਸ਼ ਰਵੀ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਈਡਬਲਿਊਐਸ ਬੱਚਿਆਂ ਨੂੰ ਨਿਯਮਾਂ ਅਨੁਸਾਰ ਦਾਖ਼ਲਾ ਅਤੇ ਸਟੇਸ਼ਨਰੀ ਦਿੱਤੀ ਜਾਵੇ। ਕਮੇਟੀ ਨੇ ਸਿੱਖਿਆ ਵਿਭਾਗ ਨੂੰ ਸਿਫਾਰਸ਼ ਕੀਤੀ ਸੀ ਕਿ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਸੰਦਰਭ ਵਿੱਚ ਸਕੂਲ ਦੀ ਮਾਨਤਾ ਵਾਪਸ ਲੈ ਲਈ ਗਈ ਹੈ।

ਜਾਰੀ ਹੋਈ ਖ਼ਬਰ ਮੁਤਾਬਿਕ ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੀ ਭਲਾਈ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਵਿਸ਼ੇਸ਼ ਰਵੀ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ 16 ਜੁਲਾਈ 2022 ਨੂੰ ਜਾਰੀ ਹੁਕਮਾਂ ਅਨੁਸਾਰ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਹੈ। ਵਿਭਾਗ ਦੇ ਹੁਕਮਾਂ ਦੀ ਉਲੰਘਣਾ ਨਿਊ ਰਾਜਿੰਦਰ ਨਗਰ ਦੇ ਜੇਡੀ ਟਾਈਟਲਰ ਸਕੂਲ ਵਿੱਚ ਪਾਈ ਗਈ। ਪਤਾ ਲੱਗਾ ਹੈ ਕਿ ਸਕੂਲ ਨੇ ਈਡਬਲਿਊਐਸ ਕੋਟੇ ਤਹਿਤ ਕੁਝ ਵਿਦਿਆਰਥੀਆਂ ਦਾ ਦਾਖਲਾ ਨਹੀਂ ਲਿਆ ਹੈ ਅਤੇ ਕੁਝ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਨਹੀਂ ਦਿੱਤੀ ਹੈ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਕੂਲ ਵਿੱਦਿਅਕ ਸੈਸ਼ਨ 2022-23 ਅਤੇ ਉਸ ਤੋਂ ਬਾਅਦ ਕਿਸੇ ਵੀ ਜਮਾਤ ਵਿੱਚ ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇਵੇਗਾ। ਸਬੰਧਤ ਜ਼ਿਲ੍ਹਾ ਡੀਡੀਈ ਇਹ ਯਕੀਨੀ ਬਣਾਏਗਾ ਕਿ ਜੇ ਡੀ ਟਾਈਟਲਰ ਸਕੂਲ ਦੇ ਵਿਦਿਆਰਥੀ ਜੇਕਰ ਚਾਹੁਣ ਤਾਂ ਉਨ੍ਹਾਂ ਨੂੰ ਨੇੜਲੇ ਸਰਕਾਰੀ ਸਕੂਲਾਂ ਵਿੱਚ ਰੱਖਿਆ ਜਾ ਸਕਦਾ ਹੈ।

ਵਿਸ਼ੇਸ਼ ਰਵੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਮੇਟੀ ਦੀ ਸਿਫ਼ਾਰਸ਼ ‘ਤੇ ਸਿੱਖਿਆ ਵਿਭਾਗ ਨੇ ਈਡਬਲਿਊਐਸ ਕੋਟੇ ਤਹਿਤ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਨੋਟਿਸ ਤੋਂ ਬਾਅਦ ਵੀ ਕੁਝ ਪ੍ਰਾਈਵੇਟ ਸਕੂਲਾਂ ਨੇ ਈਡਬਲਿਊਐਸ ਵਿਦਿਆਰਥੀਆਂ ਦੇ ਦਾਖ਼ਲੇ ਨਹੀਂ ਲਏ ਅਤੇ ਉਨ੍ਹਾਂ ਨੂੰ ਸਟੇਸ਼ਨਰੀ ਵੀ ਨਹੀਂ ਦਿੱਤੀ। ਇਸ ਲਈ ਕਮੇਟੀ ਨੇ ਸਿੱਖਿਆ ਵਿਭਾਗ ਨੂੰ ਮਾਨਤਾ ਵਾਪਸ ਲੈਣ ਅਤੇ ਅਜਿਹੇ ਪ੍ਰਾਈਵੇਟ ਸਕੂਲਾਂ ਵਿਰੁੱਧ ਸ਼ਿਕਾਇਤਾਂ ਮਿਲਣ ‘ਤੇ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਵਿਸ਼ੇਸ਼ ਰਵੀ ਨੇ ਦੱਸਿਆ ਕਿ ਜੇਡੀ ਟਾਈਟਲਰ ਸਕੂਲ ਨੂੰ ਕਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਦੇ ਵਫ਼ਦ ਨੇ ਕਈ ਵਾਰ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਈਡਬਲਿਊਐਸ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਇਆ ਜਾ ਸਕੇ। ਪਰ ਸਕੂਲ ਨੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਈਡਬਲਿਊਐਸ ਕੋਟੇ ਤਹਿਤ ਵਿਦਿਆਰਥੀਆਂ ਦਾ ਦਾਖ਼ਲਾ ਲੈਣ ਤੋਂ ਇਨਕਾਰ ਕਰ ਦਿੱਤਾ। ਕਾਰਨ ਦੱਸੋ ਨੋਟਿਸ ‘ਤੇ ਸਕੂਲ ਦਾ ਜਵਾਬ ਮਨਜ਼ੂਰ ਨਹੀਂ ਸੀ।

error: Content is protected !!