ਸਪੈਸ਼ਲ ਟਾਸਕ ਫੋਰਸ ਵੱਲੋਂ ਜੇਲ੍ਹ ਫਿਰੋਜਪੁਰ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਰਕਾਰੀ ਡਾਕਟਰ ਗ੍ਰਿਫਤਾਰ

ਸਪੈਸ਼ਲ ਟਾਸਕ ਫੋਰਸ ਵੱਲੋਂ ਜੇਲ੍ਹ ਫਿਰੋਜਪੁਰ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਰਕਾਰੀ ਡਾਕਟਰ ਗ੍ਰਿਫਤਾਰ

ਫਿਰੋਜ਼ਪੁਰ (ਜਤਿੰਦਰ ਪਿੰਕਲ ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਵਿਢੀ ਗਈ ਮੁਹਿੰਮ ਅਤੇ ਜੇਲ੍ਹਾਂ ਅੰਦਰ ਬੰਦ ਵਿਅਕਤੀਆਂ ਨੂੰ ਨਸ਼ਿਆਂ ਦੀ ਸਪਲਾਈ ਕਰਨ ਦੀ ਚੇਨ ਤੋੜਨ ਸਬੰਧੀ ਉਦੋਂ ਵੱਡੀ ਕਾਮਯਾਬੀ ਮਿਲੀ ਜਦ ਸ਼੍ਰੀ ਸੰਦੀਪ ਸ਼ਰਮਾ, ਏ.ਆਈ.ਜੀ., ਐਸ.ਟੀ.ਐਫ. ਫਿਰੋਜ਼ਪੁਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੀ ਰਾਜਬੀਰ ਸਿੰਘ, ਉਪ ਕਪਤਾਨ ਪੁਲਿਸ, ਐਸ.ਟੀ.ਐਫ. ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਸਤਪਾਲ ਵੱਲੋਂ ਮੁਕੱਦਮਾ ਨੰਬਰ 190 ਮਿਤੀ 23-08-2022 ਅ/ਧ 21,22 ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ. ਐਸ.ਏ.ਐਸ. ਨਗਰ ਵਿੱਚ ਸਮੇਤ ਸਾਥੀ ਕਰਮਚਾਰੀਆਂ ਦੇ ਡਾ: ਸ਼ਸ਼ੀ ਭੂਸ਼ਨ ਨੂੰ ਕਾਬੂ ਕਰਕੇ ਇਸ ਪਾਸੋਂ 08 ਗ੍ਰਾਮ ਹੈਰੋਇੰਨ, 14 ਲਾਈਟਰ, ਵਰਤਿਆ ਹੋਇਆ ਸਿਲਵਰ ਪੇਪਰ ਅਤੇ ਅੱਧ ਸੜੇ 10 ਰੁਪੈ ਵਾਲੇ ਨੋਟ ਸਮੇਤ ਬ੍ਰਾਮਦ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਹੈ।

ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗਲ ਸਾਮਹਣੇ ਆਈ ਹੈ ਕਿ ਡਾ. ਸ਼ਸ਼ੀ ਭੂਸ਼ਨ ਨਵੰਬਰ 2021 ਤੋਂ ਫਿਰੋਜਪੁਰ ਜੇਲ੍ਹ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈ। ਇਹ ਖੁਦ ਵੀ ਹੈਰੋਇਨ ਸਮੇਤ ਹੋਰ ਨਸ਼ੇ ਕਰਨ ਦਾ ਆਦੀ ਹੈ ਤੇ ਇਸ ਵੱਲੋਂ ਜੇਲ੍ਹ ਦੇ ਅੰਦਰ ਅਰਸ਼ਦੀਪ ਉਰਫ ਅਰਸ਼ੀ, ਗੈਂਗਸਰਟਰ ਸੰਨੀ ਪ੍ਰਭਾਕਰ ਅਤੇ ਮਾਮਾ ਨਾਮ ਦੇ ਬੰਦੀਆਂ ਰਾਂਹੀ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਵੱਲੋਂ ਜੇਲ੍ਹ ਅੰਦਰ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕਟ ਚਲਾਇਆ ਜਾ ਰਿਹਾ ਸੀ।

ਡਾ. ਸ਼ਸ਼ੀ ਭੂਸ਼ਨ ਨੂੰ ਕੱਲ ਮਿਤੀ 26-08-2022 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

error: Content is protected !!