ਐੱਸਜੀਪੀਸੀ ਦੇ ਕੰਮ ਕਰ ਰਹੇ ਨੇ ਨਿਹੰਗ ਸਿੰਘ, ਜੇ ਧਰਮ ਪਰਿਵਰਤਨ ਰੋਕਣ ਲਈ ਹੋਵੇ ਉਚਿੱਤ ਉਪਰਾਲਾ ਤਾਂ ਕਿਉਂ ਹੋਣ 150 ਸਿੰਘਾਂ ਖਿਲਾਫ ਪਰਚੇ…

ਐੱਸਜੀਪੀਸੀ ਦੇ ਕੰਮ ਕਰ ਰਹੇ ਨੇ ਨਿਹੰਗ ਸਿੰਘ, ਜੇ ਧਰਮ ਪਰਿਵਰਤਨ ਰੋਕਣ ਲਈ ਹੋਵੇ ਉਚਿੱਤ ਉਪਰਾਲਾ ਤਾਂ ਕਿਉਂ ਹੋਣ 150 ਸਿੰਘਾਂ ਖਿਲਾਫ ਪਰਚੇ…


ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿਚ ਆਏ ਦਿਨ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਜਿੱਥੇ ਅੰਮ੍ਰਿਤਸਰ ਦੇ ਪਿੰਡ ਡੱਡੂਆਣਾ ਵਿੱਚ ਈਸਾਈ ਮਿਸ਼ਨਰੀਆਂ ਦੇ ਪ੍ਰੋਗਰਾਮ ਵਿੱਚ ਨਿਹੰਗ ਸਿੰਘਾਂ ਵੱਲੋਂ ਰੁਕਾਵਟ ਪਾਈ ਗਈ ਸੀ ਅਤੇ ਜਦ ਇਸ ਤੋਂ ਬਾਅਦ ਪੁਲਿਸ ਵੱਲੋਂ 150 ਨਿਹੰਗ ਸਿੰਘਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਸ ਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਪ੍ਰਗਟਾਇਆ ਸੀ। ਇਸ ਤੋਂ ਪਹਿਲਾਂ ਵੀ ਜਿੱਥੇ ਕਦੇ-ਕਦੇ ਨਿਹੰਗ ਸਿੰਘਾਂ ਦੇ ਪੁਲਿਸ ਨਾਲ ਵੀ ਮੁਕਾਬਲਿਆਂ ਦਾ ਖਬਰਾਂ ਸੁਣਨ ਨੂੰ ਮਿਲੀਆਂ ਹਨ।

ਬੀਤੇ ਦਿਨ ਜਦ ਡੇਰਾ ਬਿਆਸ ਦੇ ਸਮੱਰਥਕਾਂ ਦਾ ਨਿਹੰਗ ਸਿੰਘਾਂ ਨਾਲ ਵਿਵਾਦ ਹੋਇਆ ਤਾਂ ਵੀ ਇਕ ਵਾਰ ਫਿਰ ਇਲਾਕੇ ਦੀ ਸ਼ਾਂਤੀ ਭੰਗ ਹੋ ਗਈ। ਇਸ ਦੌਰਾਨ ਤਾਂ ਗੋਲੀਬਾਰੀ ਵੀ ਹੋਈ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਮੌਕੇ ਉੱਤੇ ਆ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਲਾਠੀਚਾਰਜ ਕਰ ਕੇ ਭੀੜ ਨੂੰ ਘਟਨਾ ਸਥਾਨ ਤੋਂ ਖਦੇੜਿਆ। ਜੇਕਰ ਕੋਈ ਗੱਲ ਇਸ ਦੌਰਾਨ ਹੋਈ ਵੀ ਸੀ ਤਾਂ ਉਸ ਸਮੱਸਿਆ ਦਾ ਹੱਲ ਸ਼ਾਂਤੀ ਨਾਲ ਵੀ ਹੋ ਸਕਦਾ ਸੀ ਪਰ ਇਸ ਤਰਹਾਂ ਸ਼ੋਰ-ਸ਼ਰਾਬਾ ਕਰ ਕੇ ਮਾਹੌਲ ਖਰਾਬ ਕਰਨ ਨਾਲ ਆਮ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਹੁੰਦਾ ਹੈ।

ਦੂਜੇ ਪਾਸੇ ਜੇਕਰ ਗੱਲ ਕਰੀਏ ਡੇਰਾ ਬਿਆਸ ਦੀ ਜਾਂ ਫਿਰ ਉਸ ਦੇ ਸਮੱਰਥਕਾਂ ਦੀ ਤਾਂ ਉਹਨਾਂ ਦਾ ਪਹਿਲਾਂ ਇਸ ਤਰਹਾਂ ਦਾ ਵਿਵਾਦ ਦੇਖਣ ਨੂੰ ਕਦੇ ਨਹੀਂ ਮਿਲਿਆ ਅਤੇ ਇਸੇ ਤਰਹਾਂ ਨਿਹੰਗ ਸਿੰਘਾਂ ਨਾਲ ਉਹਨਾਂ ਦਾ ਟਾਕਰਾ ਵੀ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਨਾ ਹੋਵੇ, ਕਿਉਂਕਿ ਨਿਹੰਗ ਸਿੰਘ ਵੀ ਕਿਸੇ ਨਾਲ ਬਿਨਾਂ ਮਤਬਲ ਝਗੜਾ ਕਰਨ ਇਹ ਵੀ ਸੋਚ ਤੋਂ ਪਰੇ ਹੈ। ਇਸ ਤਰਹਾਂ ਬੀਤੇ ਦਿਨ ਜਿਸ ਤਰਹਾਂ ਨਿਹੰਗ ਸਿੰਘਾਂ ਅਤੇ ਡੇਰਾ ਸਮੱਰਥਕਾਂ ਵਿਚਕਾਰ ਇਹ ਝੜਪ ਹੋਈ ਹੈ, ਇਸ ਤੋਂ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਐਕਟਿਵ ਰਹਿਣਾ ਪਵੇਗਾ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਨਿਹੰਗ ਸਿੰਘਾਂ ਦੀ ਉਹਨਾਂ ਨਾਲ ਹੀ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ, ਇਸ ਬਾਰੇ ਵੀ ਸੋਚ-ਵਿਚਾਰ ਦੀ ਲੋੜ ਹੈ। ਕਦੇ ਧਰਮ ਪਰਿਵਰਤਨ ਅਤੇ ਕਦੇ ਕਿਸੇ ਹੋਰ ਮਸਲੇ ਉੱਪਰ ਜਦ ਨਿਹੰਗ ਸਿੰਘ ਖੁਦ ਹੀ ਆਪਣੀ ਗੱਲ ਰੱਖਦੇ ਹਨ ਤਾਂ ਅਜਿਹਾ ਵੀ ਮੰਨਿਆ ਜਾ ਸਕਦਾ ਹੈ ਕਿ ਇਸ ਵਿਚ ਕਿਤੇ ਨਾ ਕਿਤੇ ਐੱਸਜੀਪੀਸੀ ਕਮੇਟੀ ਦੀ ਨਾਕਾਮੀ ਹੈ।

ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਤਾਂ ਉਹਨਾਂ ਦੇ ਧਰਮ ਪ੍ਰਚਾਰਕ ਹਰ ਜਿਲ੍ਹੇ ਵਿਚ ਹਨ ਅਤੇ ਉਹਨਾਂ ਦਾ ਕੰਮ ਹੈ ਕਿ ਸ਼ਾਂਤੀਪੂਰਨ ਤੇ ਪਿਆਰ ਨਾਲ ਲੋਕਾਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਦਾ ਕੰਮ ਕੀਤਾ ਜਾਵੇ ਅਤੇ ਆਪਣੇ ਧਰਮ ਦੀਆਂ ਵਿਸ਼ੇਸ਼ਤਾਵਾਂ ਲੋਕਾਂ ਨੂੰ ਦੱਸੀਆਂ ਜਾਣ ਤਾਂ ਜੋ ਲੋਕ ਕਿਸੇ ਬਾਹਰੀ ਧਰਮ ਵਿਚ ਜਾਣ ਦੀ ਬਜਾਏ ਆਪਣੇ ਗੁਰੂ ਸਾਹਿਬਾਨਾਂ ਦੁਆਰਾ ਦੱਸੇ ਰਸਤਿਆਂ ਉਪਰ ਚੱਲਣ। ਜੇਕਰ ਅਜਿਹੇ ਕਾਰਜ ਐੱਸਜੀਪੀਸੀ ਕਰੇਗੀ ਤਾਂ ਨਿਹੰਗ ਸਿੰਘਾਂ ਨੂੰ ਆਪਣੇ ਧਰਮ ਦੀ ਰਾਖੀ ਲਈ ਅੱਗੇ ਆ ਕੇ ਬਦਨਾਮ ਨਹੀਂ ਹੋਣਾ ਪਵੇਗਾ।

error: Content is protected !!